ਕਣਕ ਦੀ MSP ’ਚ 25 ਰੁਪਏ ਦਾ ਵਾਧਾ, ਹੁਣ 2610 ਰੁਪਏ ਪ੍ਰਤੀ ਕੁਇੰਟਲ
ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ 2027-28 ਦੇ ਹਾੜ੍ਹੀ ਮਾਰਕੀਟਿੰਗ ਸਾਲ ਲਈ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਿੱਚ 25 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਇਸ ਵਾਧੇ ਤੋਂ ਬਾਅਦ ਕਣਕ ਦੀ ਐੱਮ.ਐੱਸ.ਪੀ. 2,610 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗੀ। ਇਸ ਤੋਂ ਪਹਿਲਾਂ 2026-27 ਦੇ ਹਾੜ੍ਹੀ ਮਾਰਕੀਟਿੰਗ ਸਾਲ ਲਈ ਕਣਕ ਦੀ ਐੱਮ.ਐੱਸ.ਪੀ. 2,585 ਰੁਪਏ ਪ੍ਰਤੀ ਕੁਇੰਟਲ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਖੇਤੀਬਾੜੀ ਮੰਤਰਾਲੇ ਵੱਲੋਂ ਕਣਕ ਸਮੇਤ ਹਾੜ੍ਹੀ ਦੀਆਂ ਛੇ ਫ਼ਸਲਾਂ ਲਈ ਐੱਮ.ਐੱਸ.ਪੀ. ਸਬੰਧੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ।
ਵੈਸ਼ਨਵ ਮੁਤਾਬਕ ਕਣਕ ਦੀ ਉਤਪਾਦਨ ਲਾਗਤ ਲਗਭਗ 1,264 ਰੁਪਏ ਪ੍ਰਤੀ ਕੁਇੰਟਲ ਆਉਂਦੀ ਹੈ, ਜਦਕਿ ਸਰਕਾਰ ਵੱਲੋਂ 2027-28 ਲਈ ਨਿਰਧਾਰਤ ਐੱਮ.ਐੱਸ.ਪੀ. ਇਸ ਤੋਂ ਦੁੱਗਣੇ ਤੋਂ ਵੀ ਵੱਧ ਹੈ।
ਹਾੜ੍ਹੀ ਦੀਆਂ ਹੋਰ ਫ਼ਸਲਾਂ ਦੇ ਸਮਰਥਨ ਮੁੱਲ ਵਿੱਚ ਵੀ ਵਾਧਾ ਕੀਤਾ ਗਿਆ ਹੈ। ਜੌਂਅ ਦੀ ਐੱਮ.ਐੱਸ.ਪੀ. 2,150 ਰੁਪਏ ਤੋਂ ਵਧਾ ਕੇ 2,286 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਛੋਲਿਆਂ ਦਾ ਸਮਰਥਨ ਮੁੱਲ 5,875 ਰੁਪਏ ਤੋਂ 83 ਰੁਪਏ ਵਧਾ ਕੇ 5,958 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਮਸੂਰ ਦੀ ਐੱਮ.ਐੱਸ.ਪੀ. ਵਿੱਚ 390 ਰੁਪਏ ਦਾ ਵਾਧਾ ਕਰਦਿਆਂ ਇਸ ਨੂੰ 7,390 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਤੇਲ ਬੀਜਾਂ ਵਿੱਚ ਰੇਪਸੀਡ/ਸਰ੍ਹੋਂ ਦੀ ਐੱਮ.ਐੱਸ.ਪੀ. 6,200 ਰੁਪਏ ਤੋਂ ਵਧਾ ਕੇ 6,613 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ, ਜਦਕਿ ਇਸ ਵਿੱਚ 413 ਰੁਪਏ ਦਾ ਵਾਧਾ ਹੋਇਆ ਹੈ।
ਇਸੇ ਤਰ੍ਹਾਂ ਕੁਸੁੰਭ ਦੀ ਐੱਮ.ਐੱਸ.ਪੀ. ਵਿੱਚ ਸਭ ਤੋਂ ਵੱਧ 675 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੀ ਨਵੀਂ ਦਰ 6,540 ਰੁਪਏ ਤੋਂ ਵਧ ਕੇ 7,215 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।







