ਇਰਾਨ ਦੇ ਤੇਲ ਹੱਬ ‘ਤੇ ਅਮਰੀਕਾ ਦੀ ਨਜ਼ਰ! ਖਾਰਗ ਟਾਪੂ ‘ਤੇ ਤਣਾਅ ਚਰਮ ‘ਤੇ

ਇੰਟਰਨੈਸ਼ਨਲ ਡੈਸਕ: ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਹੁਣ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ ਅਤੇ ਹਾਲਾਤ ਜ਼ਮੀਨੀ ਟਕਰਾਅ ਵੱਲ ਵਧਦੇ ਦਿਖ ਰਹੇ ਹਨ। ਨਵੀਆਂ ਰਿਪੋਰਟਾਂ ਮੁਤਾਬਕ, ਅਮਰੀਕਾ ਵੱਲੋਂ ਇਰਾਨ ਦੇ ਮਹੱਤਵਪੂਰਨ ਖਾਰਗ ਟਾਪੂ ‘ਤੇ ਕਬਜ਼ੇ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਤੋਂ ਬਾਅਦ ਇਰਾਨ ਨੇ ਇਸ ਟਾਪੂ ਨੂੰ ਮਜ਼ਬੂਤ ਕਿਲ੍ਹੇ ਵਾਂਗ ਤਿਆਰ ਕਰ ਦਿੱਤਾ ਹੈ।

ਸੂਤਰਾਂ ਅਨੁਸਾਰ, IRGC ਨੇ ਟਾਪੂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਮਾਈਨਜ਼ ਲਗਾ ਦਿੱਤੀਆਂ ਹਨ ਤਾਂ ਜੋ ਕਿਸੇ ਵੀ ਸਮੁੰਦਰੀ ਹਮਲੇ ਨੂੰ ਰੋਕਿਆ ਜਾ ਸਕੇ। ਇਹ ਟਾਪੂ ਇਰਾਨ ਦੀ ਅਰਥਵਿਵਸਥਾ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਦੇਸ਼ ਦੇ ਲਗਭਗ 90% ਤੇਲ ਦੀ ਨਿਰਯਾਤ ਇਥੋਂ ਹੁੰਦੀ ਹੈ। ਅਮਰੀਕਾ ਇਸ ‘ਤੇ ਕਬਜ਼ਾ ਕਰਕੇ ਇਰਾਨ ਨੂੰ ਹੋਰਮੁਜ਼ ਦੀ ਖਾੜੀ ਖੋਲ੍ਹਣ ਲਈ ਦਬਾਅ ਵਿੱਚ ਲਿਆਉਣਾ ਚਾਹੁੰਦਾ ਹੈ।

ਇਸ ਮਾਮਲੇ ‘ਤੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ਼ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਦੇਸ਼ ਨੇ ਅਮਰੀਕਾ ਦੀ ਮਦਦ ਕੀਤੀ, ਤਾਂ ਉਸ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਉਧਰ Pentagon ਨੇ ਆਪਣੀ ਫ਼ੌਜੀ ਤਾਕਤ ਵਧਾਉਂਦਿਆਂ 82ਵੀਂ ਏਅਰਬੋਰਨ ਡਿਵੀਜ਼ਨ ਦੇ 2,000 ਹੋਰ ਸੈਨਿਕ ਮੱਧ ਪੂਰਬ ਭੇਜੇ ਹਨ। ਇਸ ਦੇ ਨਾਲ ਹੀ ਜਾਪਾਨ ਅਤੇ ਸੈਨ ਡਿਏਗੋ ਤੋਂ ਵੀ ਜੰਗੀ ਜਹਾਜ਼ ਇਰਾਨ ਵੱਲ ਵਧ ਰਹੇ ਹਨ। ਖੇਤਰ ਵਿੱਚ ਅਮਰੀਕੀ ਫ਼ੌਜ ਦੀ ਗਿਣਤੀ ਹੁਣ ਕਰੀਬ 57,000 ਤੱਕ ਪਹੁੰਚ ਸਕਦੀ ਹੈ।

ਮਾਹਿਰਾਂ ਦੇ ਅਨੁਸਾਰ, ਇਹ ਤਾਇਨਾਤੀ ਇਰਾਕ ਜੰਗ 2003 ਤੋਂ ਬਾਅਦ ਸਭ ਤੋਂ ਵੱਡੀ ਮੰਨੀ ਜਾ ਰਹੀ ਹੈ ਅਤੇ ਇਸ ਨਾਲ ਇਲਾਕੇ ਵਿੱਚ ਤਣਾਅ ਹੋਰ ਵੀ ਵੱਧ ਸਕਦਾ ਹੈ।