ਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਸੁਣਵਾਈ ਮੁਲਤਵੀ, ਹੁਣ 29 ਅਗਸਤ ਨੂੰ ਹੋਵੇਗੀ ਪੇਸ਼ੀ
ਮੋਹਾਲੀ (): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚੱਲ ਰਹੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ 18 ਅਗਸਤ ਨੂੰ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀ ਸਹਿਮਤੀ ਤੋਂ ਬਾਅਦ ਕੇਸ ਦੀ ਅਗਲੀ ਸੁਣਵਾਈ 29 ਅਗਸਤ ਲਈ ਨਿਰਧਾਰਤ ਕੀਤੀ ਹੈ।
ਸੁਣਵਾਈ ਦੌਰਾਨ ਮਸ਼ੋਬਰਾ ਸਥਿਤ ਫਾਰਮ ਹਾਊਸ ਦੀਆਂ ਚਾਬੀਆਂ ਪਟੀਸ਼ਨਰ ਨੂੰ ਸੌਂਪਣ, ਕੋਰਟ ਕਮਿਸ਼ਨਰ ਦੀ ਨਿਯੁਕਤੀ ਅਤੇ ਜਾਇਦਾਦ ਦੀ ਵੀਡੀਓਗ੍ਰਾਫੀ ਨਾਲ ਸਬੰਧਤ ਮੁੱਦਿਆਂ ’ਤੇ ਕਾਨੂੰਨੀ ਬਹਿਸ ਹੋਣੀ ਸੀ। ਅਦਾਲਤ ਨੇ ਇਸ ਸਬੰਧੀ ਦੋਵਾਂ ਧਿਰਾਂ ਨੂੰ ਸੰਬੰਧਿਤ ਕਾਨੂੰਨੀ ਨਜ਼ੀਰਾਂ ਪੇਸ਼ ਕਰਨ ਲਈ ਵੀ ਕਿਹਾ ਹੈ।
ਇਸ ਤੋਂ ਇਲਾਵਾ, ਸੀਜੇਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਿਹਗੜ੍ਹ ਸਾਹਿਬ ਦੀ ਰਿਪੋਰਟ ਦੇ ਜਵਾਬ ਵਿੱਚ ਏਡੀਜੀਪੀ ਜੇਲ੍ਹਾਂ ਵੱਲੋਂ ਦਾਇਰ ਹਲਫ਼ਨਾਮੇ ਸਬੰਧੀ ਦਲੀਲਾਂ ’ਤੇ ਵੀ ਇਸ ਵਾਰ ਵਿਚਾਰ ਨਹੀਂ ਹੋ ਸਕਿਆ। ਅਦਾਲਤ ਨੇ ਇਸ ਮਾਮਲੇ ਨੂੰ ਵੀ ਅਗਲੀ ਤਾਰੀਖ ਤੱਕ ਲਈ ਮੁਲਤਵੀ ਕਰ ਦਿੱਤਾ ਹੈ।
ਉੱਧਰ, ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਵੀ ਹੁਣ 29 ਅਗਸਤ ਨੂੰ ਹੀ ਹੋਵੇਗੀ। ਅਦਾਲਤ ਨੇ ਦੋਵਾਂ ਪੱਖਾਂ ਨੂੰ ਅਗਲੀ ਪੇਸ਼ੀ ’ਤੇ ਬਾਕੀ ਰਹਿੰਦੇ ਸਾਰੇ ਮੁੱਦਿਆਂ ਸਬੰਧੀ ਆਪਣੀਆਂ ਦਲੀਲਾਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।







