ਆਪ MLA ਅਨਮੋਲ ਗਗਨ ਮਾਨ ਦੇ ਪਤੀ ਸਮੇਤ ਤਿੰਨ ਨੂੰ 2-2 ਸਾਲ ਦੀ ਕੈਦ

Chandigarh: ਡੇਰਾ ਬੱਸੀ ਅਦਾਲਤ ਨੇ ਚੈਕ ਬਾਊਂਸ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਹੈ। ਹਾਊਸਿੰਗ ਪ੍ਰੋਜੈਕਟ ਨਾਲ ਜੁੜੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਦੋ–ਦੋ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ। ਸਜ਼ਾਇਆਫ਼ਤਾ ਵਿੱਚ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ Anmol Gagan Maan ਦੇ ਪਤੀ ਸ਼ਾਬਾਸ਼ ਸਿੰਘ ਸੋਹੀ ਦੇ ਨਾਲ ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ। ਅਦਾਲਤ ਨੇ ਤਿੰਨਾਂ ਉੱਤੇ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।

ਮਿਲੀ ਜਾਣਕਾਰੀ ਅਨੁਸਾਰ, Rajpura ਖੇਤਰ ਵਿੱਚ ਇੱਕ ਹਾਊਸਿੰਗ ਪ੍ਰੋਜੈਕਟ ਸਬੰਧੀ ਪਲਾਟਾਂ ਦੀ ਖਰੀਦ-ਫਰੋਖ਼ਤ ਦਾ ਸੌਦਾ ਹੋਇਆ ਸੀ। ਸੌਦਾ ਪੂਰਾ ਨਾ ਹੋਣ ‘ਤੇ ਸਾਢੇ ਤਿੰਨ ਕਰੋੜ ਰੁਪਏ ਦੇ ਚੈੱਕ ਜਾਰੀ ਕੀਤੇ ਗਏ, ਪਰ ਉਹ ਬਾਊਂਸ ਹੋ ਗਏ। ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤਕਰਤਾ ਨੇ 2018 ਵਿੱਚ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਸੀ।

ਲੰਬੀ ਸੁਣਵਾਈ ਤੋਂ ਬਾਅਦ ਹੁਣ ਡੇਰਾ ਬੱਸੀ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਦੋ–ਦੋ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਫੈਸਲੇ ਤੋਂ ਤੁਰੰਤ ਬਾਅਦ ਤਿੰਨਾਂ ਨੇ ਜਮਾਨਤ ਹਾਸਲ ਕਰ ਲਈ ਹੈ ਅਤੇ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਦੂਜੇ ਪਾਸੇ, ਸ਼ਿਕਾਇਤਕਰਤਾ ਪੱਖ ਇਸ ਫੈਸਲੇ ਨਾਲ ਸੰਤੁਸ਼ਟ ਹੈ ਅਤੇ ਇਸਨੂੰ ਲੰਬੇ ਸਮੇਂ ਬਾਅਦ ਮਿਲਿਆ ਇਨਸਾਫ ਮੰਨ ਰਿਹਾ ਹੈ।