ਆਨਲਾਈਨ ਗੇਮ ’ਚ ਮੁਨਾਫ਼ੇ ਦੇ ਲਾਲਚ ਨੇ ਅਕਾਊਂਟੈਂਟ ਨੂੰ ਫਸਾਇਆ, ਕੰਪਨੀ ਦੇ 50 ਲੱਖ ਰੁਪਏ ਗੇਮਿੰਗ ਐਪ ’ਚ ਲਗਾਏ
ਨੋਇਡਾ: ਆਨਲਾਈਨ ਗੇਮ ਖੇਡ ਕੇ ਮੋਟੀ ਕਮਾਈ ਕਰਨ ਦੇ ਲਾਲਚ ਵਿੱਚ ਇੱਕ ਕੰਪਨੀ ਦੇ ਅਕਾਊਂਟੈਂਟ ਵੱਲੋਂ ਕਥਿਤ ਤੌਰ ’ਤੇ ਕੰਪਨੀ ਦੇ ਬੈਂਕ ਖਾਤਿਆਂ ਵਿੱਚੋਂ 50 ਲੱਖ ਰੁਪਏ ਟਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਮਾਲਕ ਦੀ ਸ਼ਿਕਾਇਤ ’ਤੇ ਸਾਈਬਰ ਕ੍ਰਾਈਮ ਪੁਲੀਸ ਨੇ ਅਕਾਊਂਟੈਂਟ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਈਬਰ ਕ੍ਰਾਈਮ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਅਨੁਸਾਰ, ਟੁਕੜੀਆ ਲਖਮਣ ਨੇ ਸ਼ਨਿਚਰਵਾਰ ਰਾਤ ਸਾਈਬਰ ਕ੍ਰਾਈਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨੋਇਡਾ ਦੇ ਸੈਕਟਰ-80 ਵਿੱਚ ਸਥਿਤ ਉਨ੍ਹਾਂ ਦੀ ਕੰਪਨੀ ਕਾਰਪੋਰੇਟ ਤੋਹਫ਼ੇ ਦੇਣ ਅਤੇ ਹਾਊਸਕੀਪਿੰਗ ਨਾਲ ਸਬੰਧਤ ਕੰਮ ਕਰਦੀ ਹੈ। ਕੰਪਨੀ ਦੇ ਦੋਵੇਂ ਬੈਂਕ ਖਾਤਿਆਂ ਦੀ ਦੇਖਭਾਲ ਲਈ ਪੀਯੂਸ਼ ਮਿਸ਼ਰਾ ਨੂੰ ਅਕਾਊਂਟੈਂਟ ਨਿਯੁਕਤ ਕੀਤਾ ਗਿਆ ਸੀ।
ਸ਼ਿਕਾਇਤ ਮੁਤਾਬਕ, ਪੀਯੂਸ਼ ਮਿਸ਼ਰਾ ਨੂੰ ਆਨਲਾਈਨ ਗੇਮ ਰਾਹੀਂ ਵੱਡਾ ਮੁਨਾਫ਼ਾ ਕਮਾਉਣ ਦਾ ਪ੍ਰਸਤਾਵ ਮਿਲਿਆ ਸੀ। ਇਸ ਲਾਲਚ ਵਿੱਚ ਆ ਕੇ ਉਸ ਨੇ ਕਥਿਤ ਤੌਰ ’ਤੇ 1 ਸਤੰਬਰ 2025 ਤੋਂ 1 ਅਕਤੂਬਰ 2026 ਦੇ ਦਰਮਿਆਨ ਕੰਪਨੀ ਦੇ ਦੋਵੇਂ ਬੈਂਕ ਖਾਤਿਆਂ ਵਿੱਚੋਂ 50 ਲੱਖ ਰੁਪਏ ਗੇਮਿੰਗ ਐਪ ਵਿੱਚ ਲਗਾਉਣ ਲਈ ਟਰਾਂਸਫਰ ਕਰ ਦਿੱਤੇ। ਕੰਪਨੀ ਦੇ ਮਾਲਕ ਨੇ ਇਸ ਨੂੰ ਧੋਖਾਧੜੀ ਦੱਸਦਿਆਂ ਪੁਲੀਸ ਕੋਲ ਪਹੁੰਚ ਕੀਤੀ ਹੈ।
ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੇ ਨਾਂ ’ਤੇ 6.50 ਲੱਖ ਦੀ ਠੱਗੀ
ਸਾਈਬਰ ਠੱਗੀ ਦਾ ਇੱਕ ਹੋਰ ਮਾਮਲਾ ਵੀ ਸਾਹਮਣੇ ਆਇਆ ਹੈ। ਸੈਕਟਰ-78 ਦੀ ਰਹਿਣ ਵਾਲੀ ਮਨੀਸ਼ਾ ਸ਼ਰਮਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਅਣਪਛਾਤੇ ਸਾਈਬਰ ਅਪਰਾਧੀਆਂ ਨੇ ਆਨਲਾਈਨ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਵਾ ਕੇ ਵੱਧ ਮੁਨਾਫ਼ਾ ਦੇਣ ਦਾ ਲਾਲਚ ਦਿੱਤਾ। ਇਸ ਤੋਂ ਬਾਅਦ ਵੱਖ-ਵੱਖ ਮੌਕਿਆਂ ’ਤੇ ਉਨ੍ਹਾਂ ਤੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 6 ਲੱਖ 50 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ ਗਏ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਈਬਰ ਠੱਗਾਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ
ਇਸੇ ਦੌਰਾਨ, ਸਾਈਬਰ ਅਪਰਾਧੀਆਂ ਨੂੰ ਠੱਗੀ ਦੀ ਰਕਮ ਦੇ ਲੈਣ-ਦੇਣ ਲਈ ਬੈਂਕ ਖਾਤੇ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਪੁਲੀਸ ਨੇ 21 ਸਾਲਾ ਮੁਹੰਮਦ ਸਮੀਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਧੀਕ ਪੁਲੀਸ ਡਿਪਟੀ ਕਮਿਸ਼ਨਰ ਮਨੀਸ਼ਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਦੇ ਤਿੰਨ ਹੋਰ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੁਲੀਸ ਅਨੁਸਾਰ, ‘ਮਿਊਲ ਬੈਂਕ ਖਾਤਿਆਂ’ ਦੀ ਵਰਤੋਂ ਸਾਈਬਰ ਠੱਗੀ ਰਾਹੀਂ ਹਾਸਲ ਕੀਤੀ ਰਕਮ ਨੂੰ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਭੇਜਣ ਲਈ ਕੀਤੀ ਜਾਂਦੀ ਹੈ। ਮੁਲਜ਼ਮ ਖ਼ਿਲਾਫ਼ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਬਿਹਾਰ, ਹਰਿਆਣਾ, ਕੇਰਲ, ਦਿੱਲੀ, ਗੁਜਰਾਤ, ਤੇਲੰਗਾਨਾ, ਉੱਤਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਝਾਰਖੰਡ ਅਤੇ ਕਰਨਾਟਕ ਸਮੇਤ ਵੱਖ-ਵੱਖ ਸੂਬਿਆਂ ਵਿੱਚ 33 ਤੋਂ ਵੱਧ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਪੁਲੀਸ ਵੱਲੋਂ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।







