ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਖ਼ਿਲਾਫ਼ ਕੱਢੇ ਗਏ ਰੋਸ ਮਾਰਚ ਦੌਰਾਨ ਬਿਨਾਂ ਮਨਜ਼ੂਰੀ ਆਕਾਸ਼ਵਾਣੀ ਭਵਨ ਦੇ ਕੰਪਲੈਕਸ ਵਿੱਚ ਦਾਖ਼ਲ ਹੋਣ ਦੇ ਮਾਮਲੇ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਅਤੇ ਸਮਰਥਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।
ਪੁਲੀਸ ਮੁਤਾਬਕ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਪ੍ਰਦਰਸ਼ਨਕਾਰੀ ਆਕਾਸ਼ਵਾਣੀ ਭਵਨ ਵਿੱਚ ਦਾਖ਼ਲ ਹੋਣ ਤੋਂ ਬਾਅਦ ਪੁਲੀਸ ਦੀਆਂ ਵਾਰ-ਵਾਰ ਅਪੀਲਾਂ ਦੇ ਬਾਵਜੂਦ ਬਾਹਰ ਨਹੀਂ ਆਏ। ‘ਇੰਡੀਆ’ ਗਠਜੋੜ ਦੇ ਸੰਸਦ ਮੈਂਬਰ ਸੰਸਦ ਭਵਨ ਤੋਂ ਚੋਣ ਕਮਿਸ਼ਨ ਦੇ ਦਫ਼ਤਰ ‘ਨਿਰਵਾਚਨ ਸਦਨ’ ਵੱਲ ਰੋਸ ਮਾਰਚ ਕਰ ਰਹੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀ ਆਕਾਸ਼ਵਾਣੀ ਭਵਨ ਦੇ ਕੰਪਲੈਕਸ ਵਿੱਚ ਪਹੁੰਚ ਗਏ।
ਪੁਲੀਸ ਅਨੁਸਾਰ ਇਹ ਮਾਰਚ ਸਵੇਰੇ ਕਰੀਬ 10:30 ਵਜੇ ਸ਼ੁਰੂ ਹੋਇਆ। ਪ੍ਰਦਰਸ਼ਨਕਾਰੀਆਂ ਨੇ ਪਹਿਲਾ ਬੈਰੀਕੇਡ ਪਾਰ ਕਰਨ ਤੋਂ ਬਾਅਦ ਨੀਤੀ ਆਯੋਗ ਨੇੜੇ ਲਗਾਏ ਗਏ ਦੂਜੇ ਬੈਰੀਕੇਡ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਲਾਊਡਸਪੀਕਰ ਰਾਹੀਂ ਕਈ ਵਾਰ ਐਲਾਨ ਕਰਕੇ ਦੱਸਿਆ ਗਿਆ ਕਿ ਇਲਾਕੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਲਾਗੂ ਹੈ ਅਤੇ ਉਨ੍ਹਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਪਿੱਛੇ ਹਟਣ ਲਈ ਕਿਹਾ ਗਿਆ।
ਪੁਲੀਸ ਦਾ ਕਹਿਣਾ ਹੈ ਕਿ ਹਦਾਇਤਾਂ ਨਾ ਮੰਨਣ ’ਤੇ 10 ਸੰਸਦ ਮੈਂਬਰਾਂ ਸਮੇਤ ਕਰੀਬ 260 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਲਈ ਵੱਖ-ਵੱਖ ਥਾਣਿਆਂ ਵਿੱਚ ਲਿਜਾਇਆ ਗਿਆ।
ਇਸ ਦੌਰਾਨ ਜ਼ਿਆਦਾਤਰ ਪ੍ਰਦਰਸ਼ਨਕਾਰੀ ਮੌਕੇ ਤੋਂ ਚਲੇ ਗਏ, ਪਰ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਕੇ.ਸੀ. ਵੇਣੂਗੋਪਾਲ, ਪਵਨ ਖੇੜਾ, ਮਨੀਸ਼ ਛੱਤਰਥ ਅਤੇ ਕਰੀਬ 50 ਤੋਂ 60 ਸਮਰਥਕ ਆਕਾਸ਼ਵਾਣੀ ਭਵਨ ਦੇ ਅੰਦਰ ਚਲੇ ਗਏ ਅਤੇ ਉੱਥੇ ਧਰਨਾ ਲਗਾ ਦਿੱਤਾ।
ਪੁਲੀਸ ਮੁਤਾਬਕ ਇਨ੍ਹਾਂ ਲੋਕਾਂ ਨੂੰ ਕੰਪਲੈਕਸ ਖਾਲੀ ਕਰਨ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਰਾਹੁਲ ਗਾਂਧੀ ਸਮੇਤ ਹੋਰ ਆਗੂ ਬੋਹੜ ਦੇ ਰੁੱਖ ਹੇਠਾਂ ਬੈਠੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਦਾ ਸਮਾਂ ਮਿਲਣ ਤੋਂ ਬਾਅਦ ਹੀ ਉਹ ਉੱਥੋਂ ਜਾਣਗੇ।
ਦਿੱਲੀ ਪੁਲੀਸ ਨੇ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਵਾਰ-ਵਾਰ ਜਾਰੀ ਕੀਤੇ ਗਏ ਕਾਨੂੰਨੀ ਹੁਕਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ।







