ਅੰਮ੍ਰਿਤਸਰ/ਬਾਬਾ ਬਕਾਲਾ ਸਾਹਿਬ:
ਵਧੀਕ ਜ਼ਿਲਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੇ ਅਧਾਰ ’ਤੇ ਹੁਕਮ ਜਾਰੀ ਕੀਤੇ ਹਨ ਕਿ 20 ਅਤੇ 21 ਨਵੰਬਰ ਨੂੰ ਗੁਰਦਾਸਪੁਰ ਤੋਂ ਮਹਿਤਾ ਚੌਕ ਰਾਹੀਂ ਅੰਮ੍ਰਿਤਸਰ ਵਿੱਚ ਦਾਖਲ ਹੋਣ ਵਾਲੇ ਨਗਰ ਕੀਰਤਨ ਦੇ ਰਸਤੇ ਦੇ ਦੋਵੇਂ ਪਾਸਿਆਂ ਸਥਿਤ ਸ਼ਰਾਬ ਦੇ ਠੇਕੇ, ਅਹਾਤੇ, ਤੰਬਾਕੂ-ਸਿਗਰੇਟ ਅਤੇ ਪਾਨ ਦੀਆਂ ਦੁਕਾਨਾਂ, ਨਾਲ ਹੀ ਆਂਡੇ, ਮੀਟ ਅਤੇ ਮੱਛੀ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ।
ਗੁਰਦਾਸਪੁਰ:
ਜ਼ਿਲਾ ਮੈਜਿਸਟਰੇਟ ਅਦਿੱਤਿਆ ਉੱਪਲ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਪੰਜਾਬ ਲੀਕਰ ਲਾਇਸੈਂਸ ਰੂਲ 37(9) ਅਨੁਸਾਰ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 20 ਨਵੰਬਰ ਨੂੰ ਡਰਾਈ ਡੇਅ ਘੋਸ਼ਿਤ ਕੀਤਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੀਰਤਨ ਦੇ ਰੂਟ ’ਤੇ ਸਾਰੇ ਦੇਸ਼ੀ-ਅੰਗਰੇਜ਼ੀ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਖੋਲ੍ਹਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਇਹ ਮਨਾਹੀ ਹੋਟਲਾਂ, ਕਲੱਬਾਂ ਅਤੇ ਅਹਾਤਿਆਂ ’ਤੇ ਵੀ ਲਾਗੂ ਰਹੇਗੀ। ਇਹ ਹੁਕਮ 19 ਨਵੰਬਰ ਨੂੰ ਜਾਰੀ ਕਰਕੇ 20 ਤੋਂ 22 ਨਵੰਬਰ ਤੱਕ ਲਾਗੂ ਕਰ ਦਿੱਤੇ ਗਏ ਹਨ।
ਤਰਨਤਾਰਨ:
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਜ਼ਿਲਾ ਮੈਜਿਸਟਰੇਟ ਰਾਹੁਲ (IAS) ਨੇ BNSS 2023 ਦੀ ਧਾਰਾ 163 ਅਤੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 21 ਨਵੰਬਰ 2025 ਨੂੰ ਨਗਰ ਕੀਰਤਨ ਦੇ ਨਿਰਧਾਰਤ ਰਸਤੇ ਉੱਤੇ ਜਾਂ ਉਸਦੇ ਨੇੜੇ ਸਥਿਤ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਮਾਮਲੇ ਦੀ ਤੱਤਪਰਤਾ ਨੂੰ ਦੇਖਦਿਆਂ ਇਹ ਹੁਕਮ ਇਕ-ਤਰਫ਼ਾ ਤਰੀਕੇ ਨਾਲ ਪਾਸ ਕੀਤੇ ਗਏ ਹਨ।
ਫਿਰੋਜ਼ਪੁਰ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ 20 ਤੋਂ 22 ਨਵੰਬਰ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿਚ ਨਗਰ ਕੀਰਤਨ/ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ।
ਇਸ ਪਵਿੱਤਰ ਸਮਾਰੋਹ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ, ਜ਼ਿਲਾ ਮੈਜਿਸਟਰੇਟ ਦੀਪਸ਼ਿਖਾ ਸ਼ਰਮਾ ਨੇ ਧਾਰਾ 163 BNSS 2023 ਤਹਿਤ ਹੁਕਮ ਜਾਰੀ ਕੀਤੇ ਹਨ ਕਿ 20 ਨਵੰਬਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਹਦੂਦ ਅੰਦਰ ਨਗਰ ਕੀਰਤਨ/ਯਾਤਰਾ ਦੇ ਰਸਤੇ ’ਤੇ ਆਂਡੇ, ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਅਤੇ ਅਹਾਤੇ ਪੂਰੀ ਤਰ੍ਹਾਂ ਬੰਦ ਰਹਿਣਗੇ।






