ਪੰਜਾਬ ਅਤੇ ਚੰਡੀਗੜ੍ਹ ਵਿੱਚ ਇਨ੍ਹਾਂ ਦਿਨਾਂ ਮੌਸਮ ਪੂਰੀ ਤਰ੍ਹਾਂ ਖੁਸ਼ਕ ਬਣਿਆ ਹੋਇਆ ਹੈ। ਹਾਲਾਂਕਿ ਕੁਝ ਇਲਾਕਿਆਂ ਵਿੱਚ ਸਵੇਰੇ-ਸ਼ਾਮ ਹਲਕੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ, ਪਰ ਦੁਪਹਿਰ ਦੀ ਤਿੱਖੀ ਧੁੱਪ ਮੌਸਮ ਨੂੰ ਗਰਮੀਆਂ ਵਰਗਾ ਅਹਿਸਾਸ ਕਰਵਾ ਰਹੀ ਹੈ। ਹਾਲਾਤ ਇੰਝ ਹਨ ਕਿ ਲੋਕਾਂ ਨੇ ਘਰਾਂ ਵਿੱਚ ਪੱਖੇ ਚਲਾਉਣ ਵੀ ਸ਼ੁਰੂ ਕਰ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਮੀਂਹ ਦਰਜ ਨਹੀਂ ਕੀਤਾ ਗਿਆ।
ਮੌਸਮ ਵਿਭਾਗ ਦੇ ਅਨੁਸਾਰ ਇਸ ਵੇਲੇ ਪੰਜਾਬ ਵਿੱਚ ਉੱਤਰ-ਪੱਛਮੀ ਦਿਸ਼ਾ ਤੋਂ ਹਵਾਵਾਂ ਵੱਗ ਰਹੀਆਂ ਹਨ। ਰਾਜਸਥਾਨ ਵੱਲੋਂ ਆਉਣ ਵਾਲੀਆਂ ਇਹ ਗਰਮ ਹਵਾਵਾਂ ਤਾਪਮਾਨ ਵਿੱਚ ਵਾਧਾ ਕਰ ਰਹੀਆਂ ਹਨ। ਵਿਭਾਗ ਨੇ ਅਗਾਹ ਕੀਤਾ ਹੈ ਕਿ ਮਾਰਚ ਮਹੀਨੇ ਦੌਰਾਨ ਗਰਮੀ ਹੋਰ ਤੇਜ਼ ਹੋ ਸਕਦੀ ਹੈ, ਕਿਉਂਕਿ ਮੌਸਮ ਅਜੇ ਲਈ ਸੁੱਕਾ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਮਾਰਚ ਦੇ ਅੰਤਲੇ ਹਫ਼ਤੇ ਵਿੱਚ ਹਲਕੀ ਬਾਰਿਸ਼ ਨਾਲ ਕੁਝ ਰਾਹਤ ਮਿਲ ਸਕਦੀ ਹੈ।
ਅਗਲੇ ਇੱਕ ਹਫ਼ਤੇ ਤੱਕ ਵੀ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਇਸ ਸਮੇਂ ਕੋਈ ਵੀ ਮੌਸਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਸੋਮਵਾਰ ਨੂੰ ਵੀ ਸੂਰਜ ਚਮਕਣ ਕਾਰਨ ਲੋਕਾਂ ਨੂੰ ਗਰਮੀ ਮਹਿਸੂਸ ਹੋਈ।
ਇਸ ਤੋਂ ਇਲਾਵਾ 4 ਮਾਰਚ ਨੂੰ ਹੋਲੀ ਦੇ ਮੌਕੇ ‘ਤੇ ਵੱਧ ਤੋਂ ਵੱਧ ਤਾਪਮਾਨ ਕਰੀਬ 30 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 17 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਤਰ੍ਹਾਂ ਇਸ ਵਾਰ ਰੰਗਾਂ ਦਾ ਤਿਉਹਾਰ ਹਲਕੀ ਗਰਮੀ ਦੇ ਮਾਹੌਲ ਵਿੱਚ ਮਨਾਇਆ ਜਾਵੇਗਾ।






