ਹੋਟਲ ‘ਚ ਅੱਗ ਦਾ ਕਹਿਰ: ਏਸੀ ਧਮਾਕੇ ਮਗਰੋਂ 6 ਦੀ ਮੌਤ, ਕਈ ਜ਼ਖ਼ਮੀ

ਬੀਰਭੂਮ (ਪੱਛਮੀ ਬੰਗਾਲ): ਤਾਰਾਪੀਠ ਇਲਾਕੇ ਵਿੱਚ ਸਥਿਤ ਇੱਕ ਹੋਟਲ ਵਿੱਚ ਸਵੇਰੇ ਤੜਕੇ ਲੱਗੀ ਭਿਆਨਕ ਅੱਗ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਤਾਰਾਪੀਠ ਪੁਲਿਸ ਸਟੇਸ਼ਨ ਨੇੜੇ ਇੱਕ ਤਲਾਬ ਦੇ ਕਿਨਾਰੇ ਸਥਿਤ ‘ਵਿਦੇਸ਼ਿਨੀ ਹੋਟਲ’ ਵਿੱਚ ਸਵੇਰੇ ਕਰੀਬ 4:30 ਵਜੇ ਵਾਪਰੀ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਲੰਬੇ ਸਮੇਂ ਤੱਕ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਕਾਰਨ ਹੋਟਲ ਵਿੱਚ ਮੌਜੂਦ ਕਈ ਲੋਕ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜਿਆ ਗਿਆ।

ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਸਹੀ ਕਾਰਨ ਸਾਹਮਣੇ ਨਹੀਂ ਆਇਆ, ਪਰ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਹਾਦਸਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰਿਆ ਹੋ ਸਕਦਾ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਤਾਇਨਾਤ ਹਨ ਅਤੇ ਜਾਂਚ ਜਾਰੀ ਹੈ।

ਬੀਰਭੂਮ ਦੇ ਵਧੀਕ ਪੁਲਿਸ ਸੁਪਰਡੈਂਟ (ਏਐਸਪੀ) ਨੀਲੇਸ਼ ਸ਼੍ਰੀਕਾਂਤ ਗਾਇਕਰ ਨੇ ਦੱਸਿਆ ਕਿ ਰਾਹਤ ਕਾਰਜ ਅਜੇ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 11 ਤੋਂ 12 ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ।