ਦੇਸ਼ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਸਫ਼ਰ ਕਰਨ ਵਾਲਿਆਂ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ। National Highways Authority of India (NHAI) ਦੇਸ਼ ਵਿੱਚ ਟੋਲ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਪ੍ਰਸਤਾਵ ਅਨੁਸਾਰ 1 ਅਪ੍ਰੈਲ 2026 ਤੋਂ ਨੈਸ਼ਨਲ ਹਾਈਵੇਜ਼ ਦੇ ਟੋਲ ਪਲਾਜ਼ਿਆਂ ‘ਤੇ ਨਕਦ ਭੁਗਤਾਨ ਬੰਦ ਕੀਤਾ ਜਾ ਸਕਦਾ ਹੈ ਅਤੇ ਫੀਸ ਸਿਰਫ਼ ਡਿਜੀਟਲ ਮਾਧਿਅਮਾਂ ਜਿਵੇਂ FASTag ਅਤੇ UPI ਰਾਹੀਂ ਹੀ ਲਈ ਜਾਵੇਗੀ।
ਇਸ ਫੈਸਲੇ ਦਾ ਮਕਸਦ ਟੋਲ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਸੁਚੱਜਾ ਬਣਾਉਣਾ ਹੈ। ਡਿਜੀਟਲ ਭੁਗਤਾਨ ਲਾਗੂ ਹੋਣ ਨਾਲ ਟੋਲ ਪਲਾਜ਼ਿਆਂ ‘ਤੇ ਲੰਬੀਆਂ ਕਤਾਰਾਂ, ਟ੍ਰੈਫਿਕ ਜਾਮ ਅਤੇ ਨਕਦ ਲੈਣ-ਦੇਣ ਨਾਲ ਜੁੜੇ ਵਿਵਾਦਾਂ ਵਿੱਚ ਕਮੀ ਆਉਣ ਦੀ ਉਮੀਦ ਹੈ। ਖਾਸ ਕਰਕੇ ਭੀੜ ਵਾਲੇ ਸਮੇਂ ਦੌਰਾਨ ਹੁੰਦੀ ਦੇਰੀ ਤੋਂ ਯਾਤਰੀਆਂ ਨੂੰ ਰਾਹਤ ਮਿਲੇਗੀ ਅਤੇ ਸਫ਼ਰ ਹੋਰ ਆਸਾਨ ਬਣੇਗਾ।
ਪਿਛਲੇ ਕੁਝ ਸਾਲਾਂ ਵਿੱਚ ਟੋਲ ਵਸੂਲੀ ਪ੍ਰਣਾਲੀ ਵਿੱਚ ਵੱਡਾ ਬਦਲਾਅ ਆਇਆ ਹੈ। ਇਸ ਵੇਲੇ ਦੇਸ਼ ਵਿੱਚ 98 ਫੀਸਦੀ ਤੋਂ ਵੱਧ ਵਾਹਨਾਂ ‘ਤੇ FASTag ਲੱਗ ਚੁੱਕਾ ਹੈ, ਜਿਸ ਨਾਲ ਬਿਨਾਂ ਰੁਕੇ ਟੋਲ ਭੁਗਤਾਨ ਸੰਭਵ ਹੋਇਆ ਹੈ। ਨਾਲ ਹੀ UPI ਰਾਹੀਂ ਤੁਰੰਤ ਭੁਗਤਾਨ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ।
ਮੌਜੂਦਾ ਨਿਯਮਾਂ ਅਨੁਸਾਰ ਜੇ ਕੋਈ ਵਾਹਨ ਬਿਨਾਂ ਵੈਧ FASTag ਦੇ ਟੋਲ ਲੇਨ ਵਿੱਚ ਦਾਖਲ ਹੁੰਦਾ ਹੈ ਅਤੇ ਨਕਦ ਭੁਗਤਾਨ ਕਰਦਾ ਹੈ ਤਾਂ ਉਸ ਤੋਂ ਨਿਰਧਾਰਿਤ ਰਕਮ ਦਾ ਦੁੱਗਣਾ ਜੁਰਮਾਨਾ ਲਿਆ ਜਾਂਦਾ ਹੈ। ਜਦਕਿ UPI ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ 1.25 ਗੁਣਾ ਫੀਸ ਅਦਾ ਕਰਨੀ ਪੈਂਦੀ ਹੈ। ਨਵੀਂ ਡਿਜੀਟਲ ਵਿਵਸਥਾ ਲਾਗੂ ਹੋਣ ਤੋਂ ਬਾਅਦ ਦੇਸ਼ ਦੇ 1,150 ਤੋਂ ਵੱਧ ਟੋਲ ਪਲਾਜ਼ਿਆਂ ‘ਤੇ ਨਕਦ ਲੈਣ-ਦੇਣ ਪੂਰੀ ਤਰ੍ਹਾਂ ਖਤਮ ਹੋ ਸਕਦਾ ਹੈ।






