ਹਲਵਾਰਾ ਏਅਰਪੋਰਟ ਤੋਂ ਉਡਾਣਾਂ ’ਤੇ ਅਸਰ, ਤਿੰਨ ਦਿਨਾਂ ਵਿੱਚ ਦੂਜੀ ਵਾਰ ਦਿੱਲੀ ਫਲਾਈਟ ਰੱਦ

Delhi-Halwara Flight: ਤਿੰਨ ਦਿਨਾਂ ’ਚ ਦੂਜੀ ਵਾਰ ਉਡਾਣ ਰੱਦ, 110 ਤੋਂ ਵੱਧ ਯਾਤਰੀ ਹੋਏ ਖੱਜਲ-ਖੁਆਰ

ਹਲਵਾਰਾ: ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਤਿੰਨ ਦਿਨਾਂ ਦੇ ਅੰਦਰ ਦੂਜੀ ਵਾਰ ਏਅਰ ਇੰਡੀਆ ਦੀ ਦਿੱਲੀ-ਹਲਵਾਰਾ-ਦਿੱਲੀ ਉਡਾਣ ਰੱਦ ਹੋਣ ਕਾਰਨ ਅੱਜ ਸਵੇਰੇ 110 ਤੋਂ ਵੱਧ ਯਾਤਰੀ ਹਵਾਈ ਅੱਡੇ ’ਤੇ ਪ੍ਰੇਸ਼ਾਨ ਹੁੰਦੇ ਰਹੇ।

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਏ.ਆਈ.-481 ਉਡਾਣ ਹਲਵਾਰਾ ਨਹੀਂ ਪਹੁੰਚ ਸਕੀ। ਇਸ ਦੇ ਨਤੀਜੇ ਵਜੋਂ ਹਲਵਾਰਾ ਤੋਂ ਦਿੱਲੀ ਵਾਪਸੀ ਲਈ ਨਿਰਧਾਰਤ ਏ.ਆਈ.-482 ਉਡਾਣ ਵੀ ਰੱਦ ਕਰ ਦਿੱਤੀ ਗਈ। ਕਈ ਯਾਤਰੀਆਂ ਨੂੰ ਉਡਾਣ ਰੱਦ ਹੋਣ ਦੀ ਜਾਣਕਾਰੀ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਹੀ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਉਡਾਣ ਰੱਦ ਹੋਣ ਮਗਰੋਂ ਕੁਝ ਯਾਤਰੀਆਂ ਨੂੰ ਮਜਬੂਰੀ ਵਿੱਚ ਸੜਕ ਰਸਤੇ ਟੈਕਸੀ ਰਾਹੀਂ ਦਿੱਲੀ ਜਾਣਾ ਪਿਆ। ਇਸ ਲਈ ਕਈ ਯਾਤਰੀਆਂ ਨੇ ਕਰੀਬ 11 ਹਜ਼ਾਰ ਰੁਪਏ ਤੱਕ ਕਿਰਾਇਆ ਅਦਾ ਕੀਤਾ। ਉੱਥੇ ਹੀ ਕੁਝ ਹੋਰ ਯਾਤਰੀਆਂ ਨੇ ਬਾਅਦ ਦੁਪਹਿਰ ਚੱਲਣ ਵਾਲੀ ਏ.ਆਈ.-484 ਉਡਾਣ ਵਿੱਚ ਸੀਟਾਂ ਬੁੱਕ ਕਰਵਾਈਆਂ ਅਤੇ ਕਈ ਘੰਟਿਆਂ ਤੱਕ ਹਵਾਈ ਅੱਡੇ ਦੇ ਹਾਲ ਵਿੱਚ ਬੈਠ ਕੇ ਉਡੀਕ ਕਰਨੀ ਪਈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 7 ਸਤੰਬਰ ਨੂੰ ਵੀ ਤਕਨੀਕੀ ਖ਼ਰਾਬੀ ਕਾਰਨ ਦਿੱਲੀ-ਹਲਵਾਰਾ-ਦਿੱਲੀ ਉਡਾਣ ਰੱਦ ਹੋ ਚੁੱਕੀ ਹੈ। ਲਗਾਤਾਰ ਦੂਜੀ ਵਾਰ ਉਡਾਣ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ।

ਪ੍ਰੇਸ਼ਾਨ ਯਾਤਰੀਆਂ ਨੇ ਏਅਰਲਾਈਨ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹਵਾਈ ਸੇਵਾ ਨੂੰ ਨਿਰਧਾਰਤ ਸਮੇਂ ਅਨੁਸਾਰ ਚਲਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਵਾਰ-ਵਾਰ ਉਡਾਣਾਂ ਰੱਦ ਹੋਣ ਨਾਲ ਯਾਤਰੀਆਂ ਦਾ ਕੀਮਤੀ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ।