ਸੰਗਰੂਰ ਮਾਮਲਾ: ਜਬਰੀ ਪੋਸਟਮਾਰਟਮ ਅਤੇ ਸਸਕਾਰ ਦੇ ਦੋਸ਼ਾਂ ਨੇ ਛੇੜੀ ਚਰਚਾ

ਸੰਗਰੂਰ ’ਚ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਵਿਵਾਦ, ਧਰਨਾਕਾਰੀਆਂ ਨੂੰ ਹਟਾਉਣ ਮਗਰੋਂ ਹੋਇਆ ਪੋਸਟਮਾਰਟਮ ਤੇ ਸਸਕਾਰ

ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਵਿਵਾਦ ਉਸ ਵੇਲੇ ਹੋਰ ਭਖ ਗਿਆ ਜਦੋਂ ਸਿਵਲ ਹਸਪਤਾਲ ਦੀ ਮੌਰਚਰੀ ਅੱਗੇ ਪਿਛਲੇ ਛੇ ਦਿਨਾਂ ਤੋਂ ਚੱਲ ਰਹੇ ਧਰਨੇ ਨੂੰ ਪੁਲੀਸ ਵੱਲੋਂ ਖਤਮ ਕਰਵਾਇਆ ਗਿਆ। ਇਸ ਦੌਰਾਨ ਪੀੜਤ ਪਰਿਵਾਰ, ਧਰਨਾਕਾਰੀਆਂ ਅਤੇ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੂੰ ਪੁਲੀਸ ਵੱਲੋਂ ਹਟਾ ਕੇ ਥਾਣੇ ਲਿਜਾਣ ਦੀ ਕਾਰਵਾਈ ਕੀਤੀ ਗਈ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਬਾਅਦ ਵਿੱਚ ਸਥਾਨਕ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਅਤੇ ਰਸਮਾਂ ਅਦਾ ਕਰਨ ਦਾ ਮੌਕਾ ਨਹੀਂ ਮਿਲਿਆ।

ਜ਼ਿਕਰਯੋਗ ਹੈ ਕਿ ਸਨਮਦੀਪ ਸਿੰਘ ਨੇ 25 ਸਤੰਬਰ ਨੂੰ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੇ ਪਰਿਵਾਰ ਨੇ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਸੀ। 26 ਸਤੰਬਰ ਤੋਂ ਪਰਿਵਾਰ ਸਿਵਲ ਹਸਪਤਾਲ ਸੰਗਰੂਰ ਦੀ ਮੌਰਚਰੀ ਅੱਗੇ ਧਰਨਾ ਦੇ ਰਿਹਾ ਸੀ। ਪੁਲੀਸ ਵੱਲੋਂ ਤੀਜੇ ਦਿਨ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ, ਪਰ ਪਰਿਵਾਰ ਐਸਸੀ/ਐਸਟੀ ਐਕਟ ਤਹਿਤ ਧਾਰਾਵਾਂ ਜੋੜਨ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅਡਿੱਗ ਰਿਹਾ।

ਇਸ ਮਾਮਲੇ ਸਬੰਧੀ ਡੀਐਸਪੀ ਸੰਗਰੂਰ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ 28 ਸਤੰਬਰ ਨੂੰ ਪਿੰਡ ਦੇ ਸਰਪੰਚ ਦੀਪ ਸਿੰਘ ਬਾਵਾ, ਗੁਰਿੰਦਰ ਸਿੰਘ ਗੋਗਾ, ਹਰਬੰਸ ਸਿੰਘ ਅਤੇ ਪਰਮਜੀਤ ਕੌਰ ਖ਼ਿਲਾਫ਼ ਬੀਐਨਐਸ ਦੀ ਧਾਰਾ 108(3)(5) ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਜਾਰੀ ਹੈ।

ਡੀਐਸਪੀ ਨੇ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਧਰਨਾ ਖਤਮ ਕਰਨ ਲਈ ਕਈ ਵਾਰ ਅਪੀਲ ਕੀਤੀ ਗਈ ਸੀ, ਪਰ ਧਰਨਾਕਾਰੀਆਂ ਵੱਲੋਂ ਸਹਿਮਤੀ ਨਹੀਂ ਦਿੱਤੀ ਗਈ। ਉਨ੍ਹਾਂ ਮੁਤਾਬਕ ਸਿਹਤ ਵਿਭਾਗ ਵੱਲੋਂ ਮ੍ਰਿਤਕ ਦੇਹ ਦੀ ਹਾਲਤ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਸੀ, ਜਿਸ ਕਾਰਨ ਕਾਨੂੰਨੀ ਪ੍ਰਕਿਰਿਆ ਅਨੁਸਾਰ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਵਾਉਣਾ ਲਾਜ਼ਮੀ ਸਮਝਿਆ ਗਿਆ।

ਪੁਲੀਸ ਅਨੁਸਾਰ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਦੀ ਕਾਰਵਾਈ ਕੀਤੀ ਗਈ ਅਤੇ ਇਸ ਸਬੰਧੀ ਜਾਰੀ ਨੋਟਿਸ ਵੀ ਪਰਿਵਾਰ ਵੱਲੋਂ ਪ੍ਰਾਪਤ ਨਹੀਂ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦਾ ਸਨਮਾਨਪੂਰਵਕ ਅੰਤਿਮ ਸੰਸਕਾਰ ਕਰਵਾਇਆ ਗਿਆ, ਜਦਕਿ ਪਰਿਵਾਰ ਅਤੇ ਸਮਰਥਕਾਂ ਵੱਲੋਂ ਇਸ ਕਾਰਵਾਈ ’ਤੇ ਸਵਾਲ ਉਠਾਏ ਜਾ ਰਹੇ ਹਨ।