ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਜਾਸੂਸੀ ਨੈੱਟਵਰਕ, ਮੁਲਜ਼ਮ ਤੋਂ ਮਿਲੀ ਅਹਿਮ ਜਾਣਕਾਰੀ

Punjab News: ਲੁਧਿਆਣਾ ਵਿੱਚ ਇੱਕ ਸੰਵੇਦਨਸ਼ੀਲ ਸੁਰੱਖਿਆ ਸਥਾਨ ਦੇ ਨੇੜੇ ਵਾਈ-ਫਾਈ ਅਧਾਰਿਤ ਸੀਸੀਟੀਵੀ ਕੈਮਰੇ ਲਗਾ ਕੇ ਕਥਿਤ ਤੌਰ ’ਤੇ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਤੱਕ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਰਸ਼ਪਾਲ ਸਿੰਘ ਤੋਂ ਪੁੱਛਗਿੱਛ ਦੌਰਾਨ ਜਾਂਚ ਏਜੰਸੀਆਂ ਨੂੰ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ। ਇਨ੍ਹਾਂ ਜਾਣਕਾਰੀਆਂ ਦੇ ਆਧਾਰ ’ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਪੁਲੀਸ ਵੱਲੋਂ ਜਲਦ ਵੱਡੇ ਖੁਲਾਸੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪੁਲੀਸ ਅਧਿਕਾਰੀਆਂ ਅਨੁਸਾਰ ਰਸ਼ਪਾਲ ਸਿੰਘ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ ਪੁਲੀਸ ਰਿਮਾਂਡ ਤਿੰਨ ਦਿਨ ਹੋਰ ਵਧਾ ਦਿੱਤਾ ਗਿਆ। ਦੂਜੇ ਪਾਸੇ, ਉਸ ਦੇ ਚਾਚਾ ਆਕਾਸ਼ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਅਤੇ ਪੁਲੀਸ ਉਸ ਦਾ ਹੋਰ ਰਿਮਾਂਡ ਮੰਗੇਗੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਕਾਸ਼, ਜੋ ਇਸ ਸਮੇਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਨਸ਼ਾ ਅਤੇ ਹਥਿਆਰ ਤਸਕਰੀ ਦੇ ਮਾਮਲੇ ਵਿੱਚ ਬੰਦ ਹੈ, ਕਥਿਤ ਤੌਰ ’ਤੇ ਆਈ.ਐਸ.ਆਈ. ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ।

ਜਾਂਚ ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਇਸ ਨੈੱਟਵਰਕ ਦੇ ਕੁਝ ਮੈਂਬਰ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਪੁਲੀਸ ਦਾ ਕਹਿਣਾ ਹੈ ਕਿ ਅਗਲੀ ਜਾਂਚ ਅਤੇ ਸੰਭਾਵਿਤ ਬਰਾਮਦਗੀਆਂ ਤੋਂ ਬਾਅਦ ਇਸ ਪੱਖ ਦੀ ਵੀ ਪੁਸ਼ਟੀ ਹੋ ਸਕਦੀ ਹੈ।

ਇੱਕ ਸੀਨੀਅਰ ਅਧਿਕਾਰੀ ਮੁਤਾਬਕ ਰਸ਼ਪਾਲ, ਉਸ ਦੇ ਸਾਥੀ ਵਰਿੰਦਰ ਮਸੀਹ, ਰੋਹਿਤ ਅਤੇ ਆਕਾਸ਼ ਤੋਂ ਹੋਈ ਪੁੱਛਗਿੱਛ ਦੌਰਾਨ ਪੰਜਾਬ ਵਿੱਚ ਆਈ.ਐਸ.ਆਈ. ਦੇ ਕਥਿਤ ਭਰਤੀ ਨੈੱਟਵਰਕ ਬਾਰੇ ਅਹਿਮ ਜਾਣਕਾਰੀ ਮਿਲੀ ਹੈ। ਪੁਲੀਸ ਨੂੰ ਕੁਝ ਹੋਰ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਬਾਰੇ ਵੀ ਸੂਚਨਾ ਮਿਲੀ ਹੈ, ਜਿਨ੍ਹਾਂ ਦੀ ਭਾਲ ਲਈ ਕਾਰਵਾਈ ਜਾਰੀ ਹੈ।

ਪੁਲੀਸ ਰਿਕਾਰਡ ਅਨੁਸਾਰ 27 ਅਗਸਤ 2026 ਨੂੰ ਗੁਰਦਾਸਪੁਰ ਦੇ ਪਿੰਡ ਸਰਾਫਕੋਟ ਦੇ ਰਹਿਣ ਵਾਲੇ ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਉਸ ਨੇ ਲੁਧਿਆਣਾ ਦੀ ਫਿਰੋਜ਼ਪੁਰ ਰੋਡ ’ਤੇ ਇੱਕ ਦੁਕਾਨ ਕਿਰਾਏ ’ਤੇ ਲੈ ਕੇ ਉਸ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ, ਜਿਨ੍ਹਾਂ ਦੀ ਲਾਈਵ ਫੀਡ ਕਥਿਤ ਤੌਰ ’ਤੇ ਪਾਕਿਸਤਾਨੀ ਖੁਫੀਆ ਏਜੰਸੀਆਂ ਤੱਕ ਪਹੁੰਚ ਰਹੀ ਸੀ। ਜਾਂਚ ਮੁਤਾਬਕ ਇਸ ਰਾਹੀਂ ਸੁਰੱਖਿਆ ਗਤੀਵਿਧੀਆਂ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ।

ਪੁਲੀਸ ਨੇ ਮੌਕੇ ਤੋਂ ਦੋ ਸੀਸੀਟੀਵੀ ਕੈਮਰੇ, ਇੱਕ ਵਾਈ-ਫਾਈ ਰਾਊਟਰ, ਇੱਕ ਪਾਵਰ ਅਡਾਪਟਰ ਅਤੇ 64 ਜੀਬੀ ਮੈਮੋਰੀ ਕਾਰਡ ਬਰਾਮਦ ਕੀਤਾ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਵਰਿੰਦਰ ਮਸੀਹ ਅਤੇ ਰੋਹਿਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਦੋਵੇਂ ਕੈਮਰਿਆਂ ਦੀ ਜਾਂਚ ਕਰਨ ਲਈ ਉੱਥੇ ਪਹੁੰਚੇ ਸਨ, ਕਿਉਂਕਿ ਪੁਲੀਸ ਵੱਲੋਂ ਉਪਕਰਣ ਜ਼ਬਤ ਕੀਤੇ ਜਾਣ ਮਗਰੋਂ ਲਾਈਵ ਫੀਡ ਬੰਦ ਹੋ ਗਈ ਸੀ। ਦੋਵੇਂ ਵਿਅਕਤੀ ਰਸ਼ਪਾਲ ਦੀ ਗ੍ਰਿਫ਼ਤਾਰੀ ਤੋਂ ਅਣਜਾਣ ਸਨ ਅਤੇ ਇਸ ਦੌਰਾਨ ਪੁਲੀਸ ਦੇ ਹੱਥ ਲੱਗ ਗਏ।

ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ ਅਤੇ ਨੈੱਟਵਰਕ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।