ਸੀਐਮ ਮਾਨ ਦੇ ਪ੍ਰੋਗਰਾਮ ਤੋਂ ਪਹਿਲਾਂ ਅਧਿਆਪਕ ਆਗੂਆਂ ਦੀ ਚੁੱਕ-ਧੱਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੌਰੇ ਤੋਂ ਪਹਿਲਾਂ ਅੱਜ ਸਵੇਰੇ ਪੁਲੀਸ ਵੱਲੋਂ ਕਈ ਅਧਿਆਪਕ ਅਤੇ ਮੁਲਾਜ਼ਮ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਜਾਣਕਾਰੀ ਅਨੁਸਾਰ ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਬੁਢਲਾਡਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਮੀਤ ਪ੍ਰਧਾਨ ਨਵਨੀਤ ਬੋਹਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਨਾਲ ਜੁੜੇ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ ਅਤੇ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਦੇ ਨਾਮ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ ਇੱਕ ਦਰਜਨ ਆਗੂਆਂ ਨੂੰ ਮਾਨਸਾ, ਬੁਢਲਾਡਾ ਅਤੇ ਹੋਰ ਪੁਲੀਸ ਥਾਣਿਆਂ ਵਿੱਚ ਲਿਜਾਇਆ ਗਿਆ।

ਅਧਿਆਪਕ ਜਥੇਬੰਦੀਆਂ ਦੇ ਸੂਤਰਾਂ ਮੁਤਾਬਕ ਤੜਕੇ ਸ਼ੁਰੂ ਹੋਈ ਪੁਲੀਸ ਕਾਰਵਾਈ ਤੋਂ ਬਾਅਦ ਕਈ ਆਗੂ ਆਪਣੇ ਘਰਾਂ ਤੋਂ ਦੂਰ ਚਲੇ ਗਏ, ਜਿਸ ਕਾਰਨ ਕੁਝ ਸਕੂਲਾਂ ਵਿੱਚ ਅਧਿਆਪਕਾਂ ਦੀ ਹਾਜ਼ਰੀ ਪ੍ਰਭਾਵਿਤ ਹੋਈ। ਕੁਝ ਥਾਵਾਂ ਤੋਂ ਇਹ ਵੀ ਜਾਣਕਾਰੀ ਮਿਲੀ ਕਿ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦੀ ਉਡੀਕ ਕਰਨੀ ਪਈ।

ਹਾਲਾਂਕਿ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦੀ ਸਹੀ ਗਿਣਤੀ ਅਤੇ ਕਾਰਵਾਈ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਸਬੰਧੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਇੱਕ-ਦੋ ਅਧਿਆਪਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।