ਕੌਮੀ ਇਨਸਾਫ਼ ਮੋਰਚੇ ਨਾਲ ਸਬੰਧਤ ਸਹਿਯੋਗੀ ਜਥੇਬੰਦੀਆਂ ਨੇ ਆਪਣੇ ਸਮਰਥਕਾਂ ਖ਼ਿਲਾਫ਼ ਕਥਿਤ ਪੁਲਿਸ ਕਾਰਵਾਈ, ਦਰਜ ਕੀਤੇ ਜਾ ਰਹੇ ਮਾਮਲਿਆਂ ਅਤੇ ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਵਿੱਚ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।
ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਇਸ ਬੰਦ ਦਾ ਐਲਾਨ ਕੀਤਾ ਗਿਆ। ਆਗੂਆਂ ਮੁਤਾਬਕ ਪੰਜਾਬ ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਇਸ ਦੌਰਾਨ ਬਾਜ਼ਾਰਾਂ ਦੇ ਨਾਲ-ਨਾਲ ਜਨਤਕ ਆਵਾਜਾਈ ਵੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸਕੂਲਾਂ ਨੂੰ ਲੈ ਕੇ ਵੀ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਬੰਦ ਦੌਰਾਨ ਸੜਕੀ ਆਵਾਜਾਈ ਨੂੰ ਵੀ ਰੋਕਿਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਰੇਲ ਸੇਵਾਵਾਂ ਪ੍ਰਭਾਵਿਤ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ, ਇਸੇ ਕਾਰਨ ਪੰਜਾਬ ਬੰਦ ਲਈ ਸੱਤ ਘੰਟਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।







