ਸੋਸ਼ਲ ਮੀਡੀਆ ‘ਤੇ “ਭਾਬੀ ਕਮਲ ਕੌਰ” ਵਜੋਂ ਜਾਣੀ ਜਾਂਦੀ ਕੰਚਨ ਕੁਮਾਰੀ ਦੇ ਕਤਲ ਦੇ ਮਾਮਲੇ ‘ਚ ਮੁੱਖ ਸਾਜ਼ਿਸ਼ਕਾਰ ਮੰਨੇ ਜਾਂਦੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਜਲਦੀ ਹੀ ਪੰਜਾਬ ਲਿਆਂਦੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਕਤਲ ਮਗਰੋਂ ਉਹ ਸੰਯੁਕਤ ਅਰਬ ਅਮੀਰਾਤ (UAE) ਭੱਜ ਗਿਆ ਸੀ, ਤੇ ਹੁਣ ਉਸਦੀ ਗ੍ਰਿਫ਼ਤਾਰੀ ਇੰਟਰਪੋਲ ਦੀ ਸਹਾਇਤਾ ਨਾਲ ਸੰਭਵ ਬਣ ਸਕਦੀ ਹੈ। ਹਾਲਾਂਕਿ ਇਸ ਸੰਬੰਧੀ ਅਜੇ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਹੋਈ, ਪਰ ਸੂਤਰਾਂ ਦੇ ਹਵਾਲੇ ਨਾਲ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ।
ਸੂਤਰਾਂ ਅਨੁਸਾਰ, ਇੰਟਰਪੋਲ ਨੇ ਪੰਜਾਬ ਪੁਲਿਸ ਵਲੋਂ ਦਿੱਤੀ ਗਈ ਬੇਨਤੀ ਨੂੰ ਲਾਗੂ ਕਰਨ ਵੱਲ ਕਦਮ ਚੁੱਕ ਲਏ ਹਨ, ਜਿਸ ਤਹਿਤ UAE ਵਿੱਚ ਅੰਮ੍ਰਿਤਪਾਲ ਨੂੰ ਹਿਰਾਸਤ ਵਿਚ ਲੈਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਹਵਾਲਗੀ ਲਈ ਗ੍ਰਹਿ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ 20 ਜੂਨ ਨੂੰ “ਬਲੂ ਨੋਟਿਸ” ਲਈ ਅਰਜ਼ੀ ਭੇਜੀ ਗਈ ਸੀ, ਜਿਸ ਨਾਲ ਅੰਮ੍ਰਿਤਪਾਲ ਦੀ ਪਛਾਣ ਤੇ ਲੋਕੇਸ਼ਨ ਬਾਰੇ ਜਾਣਕਾਰੀ ਮਿਲਣ ਦੀ ਉਮੀਦ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇੰਟਰਪੋਲ ਵਲੋਂ ਮੰਗੀ ਗਈ ਸਾਰੀ ਲੋੜੀਂਦੀ ਜਾਣਕਾਰੀ ਉਨ੍ਹਾਂ ਨੂੰ ਭੇਜੀ ਜਾ ਰਹੀ ਹੈ। ਹਾਲਾਂਕਿ ਇੰਟਰਪੋਲ ਵਲੋਂ ਅਜੇ ਤੱਕ ਕੋਈ ਨੋਟਿਸ ਜਾਰੀ ਹੋਇਆ ਹੈ ਜਾਂ ਨਹੀਂ, ਇਹ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਨੇ ਕਿਹਾ ਕਿ ਮਹਿਰੋਂ ਇਸ ਵੇਲੇ UAE ਵਿਚ ਕਿਸ ਥਾਂ ਹੈ, ਇਹ ਸਪਸ਼ਟ ਨਹੀਂ ਹੈ। ਉਸਦੀ ਹਵਾਲਗੀ ਇੱਕ ਪੇਚੀਦਾ ਕਾਨੂੰਨੀ ਕਾਰਵਾਈ ਹੈ, ਪਰ ਪੰਜਾਬ ਅਤੇ ਕੇਂਦਰੀ ਸਰਕਾਰ ਦੇ ਅਧਿਕਾਰੀ ਉਸ ਦੀ ਆਰਜ਼ੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੇ ਹਨ।