ਵੱਡੀ ਖਬਰ : ਦੁਸਹਿਰੇ ‘ਤੇ ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ

ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵਾਹਨਾਂ ਦੀ ਪਾਰਕਿੰਗ ਲਈ ਟਰੈਫਿਕ ਪੁਲਸ ਨੇ ਖਾਸ ਪ੍ਰਬੰਧ ਕੀਤੇ ਹਨ। ਕਈ ਥਾਵਾਂ ‘ਤੇ ਟਰੈਫਿਕ ਡਾਇਵਰਟ ਵੀ ਕੀਤਾ ਜਾਵੇਗਾ। ਪੁਲਸ ਨੇ ਅਪੀਲ ਕੀਤੀ ਹੈ ਕਿ ਲੋਕ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ ਵਿੱਚ ਹੀ ਖੜ੍ਹੇ ਕਰਨ, ਨਹੀਂ ਤਾਂ ਗੱਡੀਆਂ ਜ਼ਬਤ ਜਾਂ ਟੋਅ ਕੀਤੀਆਂ ਜਾ ਸਕਦੀਆਂ ਹਨ।

ਸੈਕਟਰ 17 ਪਰੇਡ ਗਰਾਊਂਡ ਵਿੱਚ ਹੋਣ ਵਾਲੇ ਦੁਸਹਿਰੇ ਲਈ ਲੋਕ ਸੈਕਟਰ 22-ਏ, 22-ਬੀ ਮਾਰਕੀਟਾਂ ਦੀ ਪਾਰਕਿੰਗ, ਫੁੱਟਬਾਲ ਗਰਾਊਂਡ, ਨੀਲਮ ਸਿਨੇਮਾ ਸਾਹਮਣੇ ਤੇ ਪਿੱਛੇ ਵਾਲੀ ਪਾਰਕਿੰਗ ਅਤੇ ਬੱਸ ਸਟੈਂਡ ਨਾਲ ਲੱਗਦੀ ਪਾਰਕਿੰਗ ਵਿੱਚ ਗੱਡੀਆਂ ਖੜ੍ਹ ਸਕਦੇ ਹਨ। ਟ੍ਰੈਫਿਕ ਕੰਟਰੋਲ ਲਈ ਸ਼ਾਮ 5:30 ਤੋਂ 6:30 ਵਜੇ ਤੱਕ ਕੁਝ ਰੂਟ ਸਿਰਫ਼ ਬੱਸਾਂ ਲਈ ਖੁੱਲ੍ਹੇ ਰਹਿਣਗੇ।

ਸੈਕਟਰ 46 ਗਰਾਊਂਡ ਵਿੱਚ ਹੋਣ ਵਾਲੇ ਦੁਸਹਿਰੇ ਲਈ ਸੈਕਟਰ 46 ਮਾਰਕੀਟ ਅਤੇ 46-ਡੀ ਬੂਥ ਮਾਰਕੀਟ ਵਿੱਚ ਪਾਰਕਿੰਗ ਦੀ ਸੁਵਿਧਾ ਦਿੱਤੀ ਗਈ ਹੈ। ਭੀੜ ਘੱਟ ਕਰਨ ਲਈ ਸ਼ਾਮ 5:30 ਤੋਂ 7:00 ਵਜੇ ਤੱਕ ਕੁਝ ਸੜਕਾਂ ਆਮ ਆਵਾਜਾਈ ਲਈ ਬੰਦ ਰਹਿਣਗੀਆਂ।

ਸੈਕਟਰ 34 ਗੁਰਦੁਆਰੇ ਸਾਹਮਣੇ ਦੁਸਹਿਰੇ ਦੇ ਮੌਕੇ ‘ਤੇ ਲੋਕਾਂ ਨੂੰ ਸਬਜ਼ੀ ਮੰਡੀ ਗਰਾਊਂਡ, ਲਾਇਬ੍ਰੇਰੀ ਬਿਲਡਿੰਗ, ਸ਼ਾਮ ਫੈਸ਼ਨ, ਕੰਪਲੈਕਸ ਪਾਰਕਿੰਗ ਅਤੇ ਸੈਕਟਰ 33-ਡੀ ਮਾਰਕੀਟ ਨੇੜੇ ਬਣੀਆਂ ਪਾਰਕਿੰਗ ਥਾਵਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਕੁਝ ਸੜਕਾਂ ਸ਼ਾਮ 5:30 ਤੋਂ 7:00 ਵਜੇ ਤੱਕ ਬੰਦ ਰਹਿਣਗੀਆਂ।

ਟਰੈਫਿਕ ਪੁਲਸ ਨੇ ਲੋਕਾਂ ਨੂੰ ਪੈਦਲ ਆਉਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਕਿਹਾ ਹੈ ਕਿ ਵਾਹਨਾਂ ਨੂੰ ਨੋ-ਪਾਰਕਿੰਗ ਇਲਾਕਿਆਂ, ਸਾਈਕਲ ਟਰੈਕਾਂ ਜਾਂ ਫੁੱਟਪਾਥਾਂ ‘ਤੇ ਨਾ ਖੜ੍ਹਿਆ ਜਾਵੇ। ਜੇ ਵਾਹਨ ਟੋਅ ਜਾਂ ਕਲੈਂਪ ਹੋਣ, ਤਾਂ ਹੈਲਪਲਾਈਨ 1073 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਦੁਕਾਨਦਾਰਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਸਿਰਫ਼ ਅਸਥਾਈ ਪਾਰਕਿੰਗ ਦੀ ਵਰਤੋਂ ਕਰਨ ਅਤੇ ਸਵੈ ਸੇਵਕ ਤੈਨਾਤ ਕਰਕੇ ਪੁਲਸ ਦੀ ਮਦਦ ਕਰਨ। ਨਾਲ ਹੀ ਇਹ ਯਕੀਨੀ ਬਣਾਇਆ ਜਾਵੇ ਕਿ ਸੜਕਾਂ ‘ਤੇ ਗੈਰ-ਕਾਨੂੰਨੀ ਕਬਜ਼ੇ, ਰੇਹੜੀਆਂ ਜਾਂ ਗੱਡੀਆਂ ਖੜ੍ਹੀਆਂ ਨਾ ਹੋਣ।