ਵੜਿੰਗ ਦਾ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ, ਕਿਹਾ- ਉਨ੍ਹਾਂ ਕਾਰਨ ਕਾਂਗਰਸ ਨੂੰ ਹੋਇਆ ਸਿਆਸੀ ਨੁਕਸਾਨ

ਰਾਜਾ ਵੜਿੰਗ ਦਾ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ, ਕਿਹਾ- ਉਨ੍ਹਾਂ ਦੇ ਆਉਣ ਨਾਲ ਕਾਂਗਰਸ ਨੂੰ ਲੱਗੀ ਸਿਆਸੀ ਢਾਹ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਈ ਅਹਿਮ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੂੰ ਸਿਆਸੀ ਤੌਰ ’ਤੇ ਕਾਫ਼ੀ ਨੁਕਸਾਨ ਝੱਲਣਾ ਪਿਆ। ਇਸ ਦੇ ਨਾਲ ਹੀ ਵੜਿੰਗ ਨੇ ਕੈਪਟਨ ਦੇ ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ ਅਤੇ ਪਾਰਟੀ ਦੇ ਹੋਰ ਆਗੂਆਂ ਨਾਲ ਉਨ੍ਹਾਂ ਦੇ ਵਿਹਾਰ ਬਾਰੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ।

ਆਪਣੀ ਇਨਸਾਫ਼ ਯਾਤਰਾ ਦੌਰਾਨ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਾਣੇ ਦੇ ਪ੍ਰਬੰਧ ’ਤੇ ਇੱਕ ਵਾਰ ਵਿੱਚ ਪੰਜ ਲੱਖ ਰੁਪਏ ਤੱਕ ਖ਼ਰਚ ਹੋ ਜਾਂਦੇ ਸਨ। ਉਨ੍ਹਾਂ ਮੁਤਾਬਕ ਕੈਪਟਨ ਲਈ ਮੱਛੀ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਚੰਡੀਗੜ੍ਹ, ਲੁਧਿਆਣਾ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਮੰਗਵਾਈਆਂ ਜਾਂਦੀਆਂ ਸਨ।

ਕੈਪਟਨ ਦੇ ਠਹਿਰਨ ਲਈ ਤਿੰਨ-ਚਾਰ ਕਮਰਿਆਂ ਦਾ ਕਰਨਾ ਪੈਂਦਾ ਸੀ ਪ੍ਰਬੰਧ

ਰਾਜਾ ਵੜਿੰਗ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਪਹਿਲਾਂ ਕਾਂਗਰਸ ਦੇ ਆਗੂਆਂ ਦਾ ਰਹਿਣ-ਸਹਿਣ ਕਾਫ਼ੀ ਸਾਦਾ ਹੁੰਦਾ ਸੀ। ਪਾਰਟੀ ਆਗੂ ਬਲਾਕ ਪ੍ਰਧਾਨ ਦੇ ਘਰ ਚਾਹ ਪੀ ਲੈਂਦੇ ਅਤੇ ਉੱਥੇ ਹੀ ਖਾਣਾ ਖਾ ਲੈਂਦੇ ਸਨ। ਰਾਤ ਨੂੰ ਜ਼ਿਲ੍ਹਾ ਪ੍ਰਧਾਨ ਦੇ ਘਰ ਠਹਿਰਨ ਦਾ ਪ੍ਰਬੰਧ ਹੋ ਜਾਂਦਾ ਸੀ।

ਪਰ ਉਨ੍ਹਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਵਿੱਚ ਆਉਣ ਤੋਂ ਬਾਅਦ ਇਹ ਪ੍ਰਬੰਧ ਬਦਲ ਗਏ। ਕੈਪਟਨ ਦੇ ਠਹਿਰਨ ਲਈ ਤਿੰਨ ਤੋਂ ਚਾਰ ਕਮਰਿਆਂ ਦੀ ਲੋੜ ਪੈਂਦੀ ਸੀ। ਵੜਿੰਗ ਨੇ ਦਾਅਵਾ ਕੀਤਾ ਕਿ ਇਸ ਕਾਰਨ ਪਾਰਟੀ ਦੇ ਛੋਟੇ ਪੱਧਰ ਦੇ ਆਗੂਆਂ ਨੇ ਉਨ੍ਹਾਂ ਨੂੰ ਆਪਣੇ ਘਰ ਸੱਦਣਾ ਵੀ ਘਟਾ ਦਿੱਤਾ ਸੀ।

ਉਨ੍ਹਾਂ ਨੇ ਕੈਪਟਨ ਨੂੰ ਮਿਲਣ ਲਈ ਜਾਣ ਵਾਲੇ ਆਗੂਆਂ ਦੇ ਪਹਿਰਾਵੇ ਬਾਰੇ ਵੀ ਤਨਜ਼ ਕੱਸਿਆ। ਵੜਿੰਗ ਮੁਤਾਬਕ ਆਗੂ ਸੈਂਟ ਲਗਾ ਕੇ ਅਤੇ ਮਾਵੇ ਵਾਲਾ ਕੁੜਤਾ-ਪਜਾਮਾ ਪਹਿਨ ਕੇ ਮਿਲਣ ਜਾਂਦੇ ਸਨ। ਕੱਪੜਿਆਂ ’ਤੇ ਵੱਟ ਹੋਣ ਦੀ ਵੀ ਗੁੰਜਾਇਸ਼ ਨਹੀਂ ਸੀ, ਨਹੀਂ ਤਾਂ ਅੰਦਰ ਜਾਣ ਵਿੱਚ ਮੁਸ਼ਕਲ ਆਉਂਦੀ ਸੀ।

ਰੰਧਾਵਾ ਦੇ ਬਿਆਨ ਮਗਰੋਂ ਕੈਪਟਨ ਨੂੰ ਲੈ ਕੇ ਮੁੜ ਚਰਚਾ

ਰਾਜਾ ਵੜਿੰਗ ਦੀਆਂ ਇਹ ਟਿੱਪਣੀਆਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਦਿੱਤੇ ਬਿਆਨ ਤੋਂ ਬਾਅਦ ਸਾਹਮਣੇ ਆਈਆਂ ਹਨ।

ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਸਾਲ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਉਨ੍ਹਾਂ ਦੇ ਵਿਰੁੱਧ ਜਾਣਾ ਉਨ੍ਹਾਂ ਦੀ ਸਿਆਸੀ ਗ਼ਲਤੀ ਸੀ। ਉਨ੍ਹਾਂ ਨੇ ਕੈਪਟਨ ਨਾਲ ਆਪਣੇ ਸਬੰਧਾਂ ਵਿੱਚ ਆਈਆਂ ਦੂਰੀਆਂ ਖ਼ਤਮ ਹੋਣ ਦੀ ਗੱਲ ਵੀ ਕਹੀ ਸੀ।

ਇਨ੍ਹਾਂ ਬਿਆਨਾਂ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਅਤੇ ਪਾਰਟੀ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਸਿਆਸੀ ਚਰਚਾ ਮੁੜ ਤੇਜ਼ ਹੋ ਗਈ ਹੈ।