ਲੱਖਾ ਸਿਧਾਣਾ ਨੂੰ ਆਇਆ ਹਾਰਟ ਅਟੈਕ! ਅਦਾਲਤ ਤੋਂ ਮੰਗੀ ਮੈਡੀਕਲ ਸਹਾਇਤਾ

ਪੁਲਸ ਹਿਰਾਸਤ ਵਿੱਚ ਚੱਲ ਰਹੇ ‘ਵਾਰਿਸ ਪੰਜਾਬ ਦੇ’ ਦੇ ਆਗੂ ਲੱਖਾ ਸਿੰਘ ਸਿਧਾਣਾ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ ਦੌਰਾਨ ਲੱਖਾ ਸਿਧਾਣਾ ਅਤੇ ਉਨ੍ਹਾਂ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮਾਈਨਰ ਹਾਰਟ ਅਟੈਕ ਆਇਆ ਹੈ। ਵਕੀਲਾਂ ਗੁਰਪ੍ਰੀਤ ਸਿੰਘ ਸੰਧੂ ਅਤੇ ਹਰਜੋਤ ਸਿੰਘ ਮਾਨ ਮੁਤਾਬਕ ਲੱਖਾ ਸਿਧਾਣਾ ਨੂੰ ਛਾਤੀ ਵਿੱਚ ਦਰਦ ਹੋਣ ਦੇ ਨਾਲ-ਨਾਲ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ।

ਵਕੀਲਾਂ ਨੇ ਦੱਸਿਆ ਕਿ ਪੁਲਸ ਵੱਲੋਂ ਡਾਕਟਰੀ ਸਹਾਇਤਾ ਦਿੱਤੇ ਜਾਣ ਦੇ ਬਾਵਜੂਦ ਲੱਖਾ ਸਿਧਾਣਾ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ, ਜਿਸ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ।

ਦੂਜੇ ਪਾਸੇ, ਪੁਲਸ ਵੱਲੋਂ ਲੱਖਾ ਸਿਧਾਣਾ ਦਾ ਮੋਬਾਈਲ ਫੋਨ ਬਰਾਮਦ ਕਰਨ ਦਾ ਹਵਾਲਾ ਦੇ ਕੇ ਸੱਤ ਦਿਨਾਂ ਦਾ ਹੋਰ ਪੁਲਸ ਰਿਮਾਂਡ ਮੰਗਿਆ ਜਾ ਰਿਹਾ ਸੀ। ਹਾਲਾਂਕਿ, ਬਚਾਅ ਪੱਖ ਦੇ ਵਕੀਲਾਂ ਨੇ ਇਸ ਮੰਗ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਗ੍ਰਿਫ਼ਤਾਰੀ ਸਮੇਂ ਮੋਬਾਈਲ ਫੋਨ ਲੱਖਾ ਸਿਧਾਣਾ ਦੀ ਜੇਬ ਵਿੱਚ ਸੀ। ਵਕੀਲਾਂ ਨੇ ਸਵਾਲ ਚੁੱਕਿਆ ਕਿ ਜੇਕਰ ਫੋਨ ਗੁੰਮ ਹੋਇਆ ਹੈ ਤਾਂ ਪੁਲਸ ਨੇ ਇੰਨੇ ਦਿਨਾਂ ਵਿੱਚ ਉਸ ਨੂੰ ਟਰੇਸ ਕਰਨ ਜਾਂ ਆਖਰੀ ਲੋਕੇਸ਼ਨ ਪਤਾ ਲਗਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਇਸ ਮਾਮਲੇ ਵਿੱਚ ਪੁਲਸ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਣ ਮਗਰੋਂ ਅਦਾਲਤ ਨੇ ਸਿਰਫ਼ ਇੱਕ ਦਿਨ ਦਾ ਰਿਮਾਂਡ ਦਿੱਤਾ।

28 ਅਕਤੂਬਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਲੱਖਾ ਸਿੰਘ ਸਿਧਾਣਾ ਨੂੰ ਪੁਲਸ ਨੇ 28 ਅਕਤੂਬਰ ਨੂੰ ਡੀ.ਸੀ. ਦੀ ਰਿਹਾਇਸ਼ ਦੇ ਸਾਹਮਣੇ ਤੋਂ ਹਿਰਾਸਤ ਵਿੱਚ ਲਿਆ ਸੀ। ਦੱਸਿਆ ਜਾਂਦਾ ਹੈ ਕਿ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਪੁਲਸ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਿਵਲ ਵਰਦੀ ਵਿੱਚ ਪਹੁੰਚੀ ਪੁਲਸ ਨੇ ਲੱਖਾ ਸਿਧਾਣਾ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਲਿਆ। ਇਸ ਦੌਰਾਨ ਹੋਰ ਨੌਜਵਾਨਾਂ ਨੂੰ ਵੀ ਪੁਲਸ ਆਪਣੇ ਨਾਲ ਲੈ ਗਈ।

ਇਹ ਕਾਰਵਾਈ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਬਣੇ ਤਣਾਅਪੂਰਨ ਮਾਹੌਲ ਦੌਰਾਨ ਕੀਤੀ ਗਈ ਸੀ। ਦੱਸਿਆ ਗਿਆ ਸੀ ਕਿ ਦਲਜੀਤ ਸਿੰਘ ਦੀ ਮੌਤ ਓਵਰਡੋਜ਼ ਕਾਰਨ ਹੋਈ ਸੀ ਅਤੇ ਨੌਜਵਾਨ ਉਸ ਦੀ ਲਾਸ਼ ਨੂੰ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਧਰਨੇ ਵਿੱਚ ਲਿਜਾਣਾ ਚਾਹੁੰਦੇ ਸਨ।

ਇਸ ਪੂਰੇ ਮਾਮਲੇ ਵਿੱਚ ਹੁਣ ਲੱਖਾ ਸਿਧਾਣਾ ਦੀ ਸਿਹਤ, ਮੈਡੀਕਲ ਜਾਂਚ ਅਤੇ ਅਗਲੀ ਕਾਨੂੰਨੀ ਕਾਰਵਾਈ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।