ਲਾਰੈਂਸ ਬਿਸ਼ਨੋਈ ਗੈਂਗ ਨੂੰ ਝਟਕਾ, ਕੈਨੇਡਾ ਤੋਂ ਡਿਪੋਰਟ ਕਰਮਵੀਰ ਸਿੰਘ ਦਿੱਲੀ ’ਚ ਕਾਬੂ

Lawrence Bishnoi Gang: ਕੈਨੇਡਾ ਤੋਂ ਡਿਪੋਰਟ ਕਰਮਵੀਰ ਸਿੰਘ ਦਿੱਲੀ ਏਅਰਪੋਰਟ ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੱਸੇ ਜਾਂਦੇ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਮਗਰੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਬੂ ਕਰ ਲਿਆ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ ਨੇ ਮੰਗਲਵਾਰ ਨੂੰ ਦਿੱਤੀ।

ਲੁਧਿਆਣਾ ਦੇ ਪਿੰਡ ਬਹਾਦਰਕੇ ਨਾਲ ਸਬੰਧਤ ਕਰਮਵੀਰ ਸਿੰਘ ਉਸ ਸਮੇਂ ਵੀ ਚਰਚਾ ਵਿੱਚ ਆਇਆ ਸੀ, ਜਦੋਂ 2023 ਵਿੱਚ ਅਮਰੀਕਾ ਦੇ ਬੇਕਰਸਫ਼ੀਲਡ, ਕੈਲੀਫ਼ੋਰਨੀਆ ਵਿੱਚ ਹੋਏ ਇੱਕ ਵਿਆਹ ਸਮਾਗਮ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਿੱਚ ਭਗੌੜੇ ਅਨਮੋਲ ਬਿਸ਼ਨੋਈ ਨੂੰ ਪੰਜਾਬੀ ਗਾਇਕਾਂ ਕਰਨ ਔਜਲਾ ਅਤੇ ਸ਼ੈਰੀ ਮਾਨ ਨਾਲ ਨੱਚਦੇ ਹੋਏ ਦੇਖਿਆ ਗਿਆ ਸੀ। ਪੁਲੀਸ ਮੁਤਾਬਕ, ਕਰਮਵੀਰ ਸਿੰਘ ਇਸ ਸਮਾਗਮ ਨਾਲ ਵੀ ਜੁੜਿਆ ਹੋਇਆ ਸੀ।

ਅਮਰੀਕਾ ’ਚ ਅਨਮੋਲ ਬਿਸ਼ਨੋਈ ਨੂੰ ਪਨਾਹ ਦੇਣ ਦਾ ਦੋਸ਼

ਡੀਜੀਪੀ ਗੌਰਵ ਯਾਦਵ ਅਨੁਸਾਰ, ਕਰਮਵੀਰ ਸਿੰਘ ਨੇ ਅਮਰੀਕਾ ਵਿੱਚ ਅਨਮੋਲ ਬਿਸ਼ਨੋਈ ਨੂੰ ਕਥਿਤ ਤੌਰ ’ਤੇ ਪਨਾਹ ਦੇਣ ਦੇ ਨਾਲ ਉਸ ਨੂੰ ਲੌਜਿਸਟਿਕ ਸਹਾਇਤਾ ਵੀ ਮੁਹੱਈਆ ਕਰਵਾਈ ਸੀ। ਉਹ ਭਾਰਤੀ ਦੰਡ ਸੰਹਿਤਾ, ਅਸਲਾ ਐਕਟ ਅਤੇ ਪਾਸਪੋਰਟ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸਟੇਟ ਕ੍ਰਾਈਮ, ਐੱਸਏਐੱਸ ਨਗਰ ਵਿਖੇ ਦਰਜ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਸੀ।

ਏਜੀਟੀਐੱਫ ਵੱਲੋਂ 3 ਸਤੰਬਰ ਨੂੰ ਉਸ ਖ਼ਿਲਾਫ਼ ਲੁੱਕ-ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਕੈਨੇਡਾ ਤੋਂ ਡਿਪੋਰਟ ਹੋਣ ਮਗਰੋਂ ਭਾਰਤ ਪਹੁੰਚਦੇ ਹੀ ਉਸ ਨੂੰ ਦਿੱਲੀ ਹਵਾਈ ਅੱਡੇ ’ਤੇ ਕਾਬੂ ਕਰ ਲਿਆ ਗਿਆ।

ਇਹ ਕਾਰਵਾਈ ਪੰਜਾਬ ਪੁਲੀਸ ਵੱਲੋਂ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਕਥਿਤ ਅਹਿਮ ਸਾਥੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਡਾਲਮ ਨੂੰ ਮੋਲਡੋਵਾ ਤੋਂ ਭਾਰਤ ਲਿਆਉਣ ਦੀ ਕਾਰਵਾਈ ਤੋਂ ਕੁਝ ਦਿਨ ਬਾਅਦ ਹੋਈ ਹੈ।

ਕਤਲ ਤੋਂ ਲੈ ਕੇ ਰੰਗਦਾਰੀ ਤੱਕ ਕਈ ਮਾਮਲੇ ਦਰਜ

ਏਡੀਜੀਪੀ ਪ੍ਰਮੋਦ ਬਾਣ ਨੇ ਦੱਸਿਆ ਕਿ ਕਰਮਵੀਰ ਸਿੰਘ ਦਾ ਪੰਜਾਬ ਵਿੱਚ ਅਪਰਾਧਿਕ ਰਿਕਾਰਡ ਰਿਹਾ ਹੈ। ਪੁਲੀਸ ਅਨੁਸਾਰ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਲੁੱਟ-ਖੋਹ, ਰੰਗਦਾਰੀ ਅਤੇ ਅਸਲਾ ਐਕਟ ਨਾਲ ਸਬੰਧਤ ਘੱਟੋ-ਘੱਟ ਪੰਜ ਮਾਮਲੇ ਦਰਜ ਹਨ।

ਪੁਲੀਸ ਹੁਣ ਕਰਮਵੀਰ ਸਿੰਘ ਦੇ ਕਥਿਤ ਨੈੱਟਵਰਕ, ਫੰਡਿੰਗ ਦੇ ਸਰੋਤਾਂ ਅਤੇ ਹੋਰ ਗੈਂਗ ਮੈਂਬਰਾਂ ਨਾਲ ਉਸ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਇਨ੍ਹਾਂ ਸਬੰਧਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।