ਰਾਜਵੀਰ ਜਵੰਦਾ ਦੀ ਮੌਤ ‘ਤੇ ਵੱਡਾ ਐਕਸ਼ਨ, ਹਾਈਕੋਰਟ ਪਹੁੰਚਿਆ ਮਾਮਲਾ

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਨਾਲ ਜੁੜਿਆ ਇੱਕ ਮਹੱਤਵਪੂਰਨ ਮਾਮਲਾ ਹੁਣ ਹਿਮਾਚਲ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਸਮਾਜਸੇਵੀ ਤੇ ਐਡਵੋਕੇਟ ਨਵਕੀਰਨ ਸਿੰਘ ਵੱਲੋਂ ਇਸ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਰਾਹੀਂ ਅਦਾਲਤ ਦਾ ਧਿਆਨ ਅਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਪਟੀਸ਼ਨ ਵਿੱਚ ਨਵਕੀਰਨ ਸਿੰਘ ਨੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਜਦੋਂ ਸਰਕਾਰ ਲੋਕਾਂ ਤੋਂ ‘ਗਊ ਸੈੱਸ’ (Cow Cess) ਦੇ ਰੂਪ ਵਿੱਚ ਰਕਮ ਇਕੱਠੀ ਕਰਦੀ ਹੈ, ਤਾਂ ਫਿਰ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਇਸ ਮੁੱਦੇ ਨੂੰ ਲੋਕਾਂ ਦੀ ਜਾਨ ਨਾਲ ਜੁੜਿਆ ਗੰਭੀਰ ਮਸਲਾ ਦੱਸਦਿਆਂ ਕਿਹਾ ਕਿ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ ‘ਤੇ ਰੋਕ ਲਗਾਉਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋ ਸਕਦੀ ਹੈ।
ਯਾਦ ਰਹੇ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸ਼ਿਮਲਾ ਵੱਲ ਮੋਟਰਸਾਈਕਲ ‘ਤੇ ਜਾ ਰਹੇ ਸਨ, ਜਦੋਂ ਰਾਹ ਵਿੱਚ ਪਸ਼ੂਆਂ ਨਾਲ ਟੱਕਰ ਹੋਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਫੋਰਟਿਸ ਹਸਪਤਾਲ ਵਿੱਚ 11 ਦਿਨਾਂ ਤੱਕ ਇਲਾਜ ਚੱਲਣ ਤੋਂ ਬਾਅਦ 8 ਅਕਤੂਬਰ ਸਵੇਰੇ 10:55 ਵਜੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਹਸਪਤਾਲ ਦੇ ਅਧਿਕਾਰਕ ਬਿਆਨ ਮੁਤਾਬਕ, ਮੌਤ ਦਾ ਕਾਰਨ ਮਲਟੀ-ਆਰਗਨ ਫੇਲ੍ਹ ਹੋਣਾ ਸੀ।

ਲੁਧਿਆਣਾ ਦੇ ਜਗਰਾਉਂ ਹਲਕੇ ਦੇ ਪੋਨਾ ਪਿੰਡ ਦੇ ਰਹਿਣ ਵਾਲੇ ਰਾਜਵੀਰ ਜਵੰਦਾ “ਤੂੰ ਦਿਸ ਪੈਂਦਾ”, “ਖੁਸ਼ ਰਿਹਾ ਕਰ”, “ਸਰਨੇਮ”, “ਆਫਰੀਨ”, “ਲੈਂਡਲਾਰਡ”, “ਡਾਊਨ ਟੂ ਅਰਥ” ਅਤੇ “ਕੰਗਣੀ” ਵਰਗੇ ਮਸ਼ਹੂਰ ਗੀਤਾਂ ਲਈ ਜਾਣੇ ਜਾਂਦੇ ਸਨ। ਉਹਨੇ 2018 ਵਿੱਚ “ਸੂਬੇਦਾਰ ਜੋਗਿੰਦਰ ਸਿੰਘ”, 2019 ਵਿੱਚ “ਜ਼ਿੰਦ ਜਾਨ” ਅਤੇ “ਮਿੰਦੋ ਤਸੀਲਦਾਰਨੀ” ਵਰਗੀਆਂ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਸਨ।