ਮੇਲੇ ’ਚ ਚਾਉਮੀਨ ਖਾਣ ਮਗਰੋਂ 100 ਤੋਂ ਵੱਧ ਬੱਚੇ ਤੇ 12 ਬਾਲਗ ਬਿਮਾਰ, ਹਸਪਤਾਲ ’ਚ ਦਾਖ਼ਲ

ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਲੱਗੇ ਮੇਲੇ ਦੌਰਾਨ ਚਾਉਮੀਨ ਖਾਣ ਤੋਂ ਬਾਅਦ ਸ਼ੱਕੀ ਫੂਡ ਪੁਆਇਜ਼ਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ 100 ਤੋਂ ਵੱਧ ਬੱਚਿਆਂ ਸਮੇਤ 12 ਬਾਲਗਾਂ ਦੀ ਸਿਹਤ ਵਿਗੜ ਗਈ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ।

ਬਾਲਾਘਾਟ ਦੇ ਕੁਲੈਕਟਰ ਆਦਿੱਤਿਆ ਸਿੰਘ ਅਨੁਸਾਰ ਇਹ ਘਟਨਾ ਸ਼ਨਿੱਚਰਵਾਰ ਸ਼ਾਮ ਨੂੰ ਕਿਰਨਾਪੁਰ ਥਾਣੇ ਅਧੀਨ ਆਉਂਦੇ ਪਿੰਡ ਹੀਰੀ ਵਿੱਚ ਲੱਗੇ ਮੇਲੇ ਦੌਰਾਨ ਵਾਪਰੀ। ਉੱਥੇ ਨੂਡਲਜ਼ ਖਾਣ ਤੋਂ ਕੁਝ ਸਮੇਂ ਬਾਅਦ ਕਈ ਬੱਚਿਆਂ ਅਤੇ ਹੋਰ ਲੋਕਾਂ ਨੇ ਪੇਟ ਵਿੱਚ ਤੇਜ਼ ਦਰਦ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਕੁਲੈਕਟਰ ਨੇ ਦੱਸਿਆ ਕਿ ਸ਼ੁਰੂਆਤ ਵਿੱਚ 118 ਬੱਚਿਆਂ ਨੂੰ ਕਿਰਨਾਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ 45 ਬੱਚਿਆਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਬਾਲਾਘਾਟ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ, ਜਦਕਿ ਬਾਕੀ 73 ਬੱਚਿਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਮਗਰੋਂ ਛੁੱਟੀ ਦੇ ਦਿੱਤੀ ਗਈ। ਇਸ ਤੋਂ ਇਲਾਵਾ 12 ਬਾਲਗਾਂ ਨੂੰ ਵੀ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕੁਲੈਕਟਰ ਨੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਹਾਲ ਜਾਣਿਆ

ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਕੁਲੈਕਟਰ ਆਦਿੱਤਿਆ ਸਿੰਘ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਇਲਾਜ ਅਧੀਨ ਬੱਚਿਆਂ ਤੇ ਹੋਰ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਡਾਕਟਰਾਂ ਨੂੰ ਸਾਰੇ ਮਰੀਜ਼ਾਂ ਦਾ ਢੁਕਵਾਂ ਇਲਾਜ ਕਰਨ ਅਤੇ ਉਨ੍ਹਾਂ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ।

ਮੁੱਖ ਮੈਡੀਕਲ ਅਤੇ ਸਿਹਤ ਅਫ਼ਸਰ ਡਾ. ਸ਼ਤਰੂਗਨ ਦਹੀਆ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਦੇ ਬੱਚਿਆਂ ਵਾਲੇ ਵਾਰਡ ਵਿੱਚ ਦਾਖ਼ਲ ਸਾਰੇ 45 ਬੱਚਿਆਂ ਅਤੇ ਮੈਡੀਕਲ ਵਾਰਡ ਵਿੱਚ ਇਲਾਜ ਅਧੀਨ 12 ਬਾਲਗਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ, “ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਜਾਰੀ ਹੈ।”