ਮੁੱਖ ਮੰਤਰੀ ਦੇ ਸਵਾਗਤ ਮੌਕੇ ਵਿਰੋਧ ਪ੍ਰਦਰਸ਼ਨ, ਹੱਥਾਂ ’ਚੋਂ ਉੱਠੇ ਨਾਅਰੇ

Punjab Employees Protest: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਦੂਜੇ ਗੇੜ ਦੇ ਸੰਘਰਸ਼ ਤਹਿਤ ਅੱਜ ਰਾਜਧਾਨੀ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਵਿੱਚ ਵਿਲੱਖਣ ਢੰਗ ਨਾਲ ਆਪਣਾ ਰੋਸ ਪ੍ਰਗਟ ਕੀਤਾ। ਜਿਸ ਸਕੱਤਰੇਤ ਦੀਆਂ ਬਾਲਕਨੀਆਂ ਵਿੱਚ ਖੜ੍ਹ ਕੇ ਮੁਲਾਜ਼ਮਾਂ ਨੇ 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਹਿਲੇ ਦੌਰੇ ਮੌਕੇ ਜਸ਼ਨ ਮਨਾਇਆ ਸੀ, ਅੱਜ ਉਹੀ ਥਾਂ ਸਰਕਾਰ ਵਿਰੋਧੀ ਨਾਅਰਿਆਂ ਨਾਲ ਗੂੰਜਦੀ ਨਜ਼ਰ ਆਈ।

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹੜਤਾਲ ਨੂੰ ਲੈ ਕੇ ਦਿੱਤੀ ਗਈ ਚਿਤਾਵਨੀ ਅਤੇ ਮੁਲਾਜ਼ਮ ਆਗੂ ਸੁਸ਼ੀਲ ਕੁਮਾਰ ਫੌਜੀ ਦੇ ਤਬਾਦਲੇ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਮੁਲਾਜ਼ਮਾਂ ਨੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਠੱਪ ਕਰਕੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ।

ਸਿਵਲ ਸਕੱਤਰੇਤ ਦੀ ਹਰ ਮੰਜ਼ਿਲ ਦੀ ਬਾਲਕਨੀ ਵਿੱਚ ਖੜ੍ਹੇ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਦਕਿ ਹੇਠਾਂ ਪੁਲੀਸ ਬਲ ਤਾਇਨਾਤ ਰਿਹਾ। ਪ੍ਰਦਰਸ਼ਨ ਦੀ ਗੂੰਜ ਸਕੱਤਰੇਤ ਤੋਂ ਬਾਹਰ ਤੱਕ ਸੁਣਾਈ ਦਿੱਤੀ। ਇਹ ਮੰਜ਼ਰ ਉਸ ਸਮੇਂ ਤੋਂ ਬਿਲਕੁਲ ਵੱਖਰਾ ਸੀ ਜਦੋਂ 16 ਮਾਰਚ 2022 ਨੂੰ ਭਗਵੰਤ ਮਾਨ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਕੱਤਰੇਤ ਪਹੁੰਚੇ ਸਨ ਅਤੇ ਮੁਲਾਜ਼ਮਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ।

ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਬਾਅ ਜਾਂ ਕਾਰਵਾਈਆਂ ਉਨ੍ਹਾਂ ਦੇ ਹੌਸਲੇ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ। ਸਾਂਝੀ ਤਾਲਮੇਲ ਕਮੇਟੀ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਜਾਰੀ ਰੱਖਣਗੇ। ਇੱਕ ਸਮਾਂ ਸੀ ਜਦੋਂ ਇਨ੍ਹਾਂ ਹੀ ਹੱਥਾਂ ਵਿੱਚ ਮੁੱਖ ਮੰਤਰੀ ਦੇ ਸਵਾਗਤ ਲਈ ਫੁੱਲ ਸਨ, ਪਰ ਅੱਜ ਉਹੀ ਹੱਥ ਸਰਕਾਰ ਵਿਰੋਧੀ ਨਾਅਰਿਆਂ ਨਾਲ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।