Auto Market: CNG, Hybrid ਤੇ EV ਦੀ ਵਧੀ ਮੰਗ, Petrol ਕਾਰਾਂ ਪਿੱਛੇ
ਨਵੀਂ ਦਿੱਲੀ: ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਵਾਹਨ ਖ਼ਰੀਦਦਾਰਾਂ ਦੀ ਪਸੰਦ ਤੇਜ਼ੀ ਨਾਲ ਬਦਲ ਰਹੀ ਹੈ। ਪਹਿਲੀ ਵਾਰ ਸੀ.ਐੱਨ.ਜੀ., ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਨੇ ਸਾਂਝੇ ਤੌਰ ’ਤੇ ਪੈਟਰੋਲ ਨਾਲ ਚੱਲਣ ਵਾਲੀਆਂ ਕਾਰਾਂ ਦੀ ਹਿੱਸੇਦਾਰੀ ਨੂੰ ਪਿੱਛੇ ਛੱਡ ਦਿੱਤਾ ਹੈ। ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨਾਂ ਦੀ ਫੈਡਰੇਸ਼ਨ (FADA) ਦੇ ਅੰਕੜਿਆਂ ਮੁਤਾਬਕ ਅਗਸਤ ਵਿੱਚ ਵਿਕਲਪਕ ਬਾਲਣ ਵਾਲੇ ਵਾਹਨਾਂ ਦੀ ਕੁੱਲ ਹਿੱਸੇਦਾਰੀ 41.95 ਫ਼ੀਸਦੀ ਰਹੀ, ਜਦੋਂਕਿ ਪੈਟਰੋਲ ਵਾਹਨਾਂ ਦੀ ਹਿੱਸੇਦਾਰੀ 40.85 ਫ਼ੀਸਦੀ ਸੀ।
ਖ਼ਰੀਦਦਾਰਾਂ ਦੀ ਪਸੰਦ ਵਿੱਚ ਬਦਲਾਅ
ਪਿਛਲੇ ਸਾਲ ਤੱਕ ਪੈਟਰੋਲ ਵਾਹਨ ਵਿਕਲਪਕ ਬਾਲਣ ਵਾਲੀਆਂ ਗੱਡੀਆਂ ਤੋਂ ਲਗਪਗ 11 ਫ਼ੀਸਦੀ ਅੱਗੇ ਸਨ। ਹੁਣ ਸੀ.ਐੱਨ.ਜੀ., ਹਾਈਬ੍ਰਿਡ ਅਤੇ ਈਵੀ ਵੱਲ ਗਾਹਕਾਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਹ ਤਬਦੀਲੀ ਭਾਰਤੀ ਵਾਹਨ ਬਾਜ਼ਾਰ ਵਿੱਚ ਬਾਲਣ ਦੇ ਵਿਕਲਪਾਂ ਦੀ ਵਧ ਰਹੀ ਵਿਭਿੰਨਤਾ ਨੂੰ ਦਰਸਾਉਂਦੀ ਹੈ।
ਅਗਸਤ ਵਿੱਚ ਵਾਹਨਾਂ ਦੀ ਰਿਕਾਰਡ ਵਿਕਰੀ
FADA ਦੇ ਅੰਕੜਿਆਂ ਅਨੁਸਾਰ ਅਗਸਤ ਦੌਰਾਨ ਦੇਸ਼ ਭਰ ਵਿੱਚ ਕੁੱਲ 24,23,201 ਵਾਹਨਾਂ ਦੀ ਪ੍ਰਚੂਨ ਵਿਕਰੀ ਹੋਈ। ਇਹ ਪਿਛਲੇ ਸਾਲ ਦੇ ਅਗਸਤ ਮਹੀਨੇ ਨਾਲੋਂ 17.51 ਫ਼ੀਸਦੀ ਵੱਧ ਹੈ ਅਤੇ ਅਗਸਤ ਲਈ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ। ਹਾਲਾਂਕਿ ਮੌਨਸੂਨ ਅਤੇ ਤਿਉਹਾਰੀ ਸੀਜ਼ਨ ਵਿੱਚ ਤਬਦੀਲੀ ਦੇ ਪ੍ਰਭਾਵ ਕਾਰਨ ਵਿਕਰੀ ਜੁਲਾਈ ਦੇ ਮੁਕਾਬਲੇ 6.48 ਫ਼ੀਸਦੀ ਘੱਟ ਰਹੀ।
ਪੇਂਡੂ ਖੇਤਰਾਂ ਵਿੱਚ ਵੀ ਵਧੀ ਮੰਗ
ਵਿਕਲਪਕ ਬਾਲਣ ਵਾਲੇ ਵਾਹਨਾਂ ਦੀ ਵਧ ਰਹੀ ਮੰਗ ਵਿੱਚ ਪੇਂਡੂ ਬਾਜ਼ਾਰ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ ਹੈ। ਪੇਂਡੂ ਖੇਤਰਾਂ ਵਿੱਚ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 19.79 ਫ਼ੀਸਦੀ ਵਧੀ, ਜਦੋਂਕਿ ਸ਼ਹਿਰੀ ਬਾਜ਼ਾਰ ਵਿੱਚ ਇਹ ਵਾਧਾ 15.17 ਫ਼ੀਸਦੀ ਰਿਹਾ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸੀ.ਐੱਨ.ਜੀ., ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਦੀ ਮੰਗ ਹੁਣ ਸਿਰਫ਼ ਮਹਾਨਗਰਾਂ ਤੱਕ ਸੀਮਤ ਨਹੀਂ ਰਹੀ।
EV ਦੀ ਵਿਕਰੀ ਵਿੱਚ ਵੀ ਜ਼ਬਰਦਸਤ ਉਛਾਲ
ਅਗਸਤ ਵਿੱਚ ਸਾਰੀਆਂ ਸ਼੍ਰੇਣੀਆਂ ਨੂੰ ਮਿਲਾ ਕੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 2,98,448 ਯੂਨਿਟ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 52.9 ਫ਼ੀਸਦੀ ਦਾ ਵਾਧਾ ਹੈ। ਸਿਰਫ਼ ਇਲੈਕਟ੍ਰਿਕ ਕਾਰਾਂ ਦੀ ਹਿੱਸੇਦਾਰੀ 7.63 ਫ਼ੀਸਦੀ ਰਹੀ, ਜਦੋਂਕਿ ਸੀ.ਐੱਨ.ਜੀ. ਵਾਹਨਾਂ ਦੀ ਹਿੱਸੇਦਾਰੀ 25.28 ਫ਼ੀਸਦੀ ਦਰਜ ਕੀਤੀ ਗਈ।
ਪੈਟਰੋਲ ਦੀ ਮੰਗ ਅਜੇ ਵੀ ਮਜ਼ਬੂਤ
ਹਾਲਾਂਕਿ ਅੰਕੜਿਆਂ ਦਾ ਇਹ ਮਤਲਬ ਨਹੀਂ ਕਿ ਪੈਟਰੋਲ ਕਾਰਾਂ ਦੀ ਮੰਗ ਖ਼ਤਮ ਹੋ ਰਹੀ ਹੈ। ਇਕੱਲੇ ਬਾਲਣ ਵਜੋਂ ਪੈਟਰੋਲ ਅਤੇ ਈਥਾਨੌਲ ਦੀ ਸਾਂਝੀ ਹਿੱਸੇਦਾਰੀ 40.85 ਫ਼ੀਸਦੀ ਨਾਲ ਅਜੇ ਵੀ ਸਭ ਤੋਂ ਵੱਧ ਹੈ। ਪਰ ਜਦੋਂ ਸੀ.ਐੱਨ.ਜੀ., ਹਾਈਬ੍ਰਿਡ ਅਤੇ ਈਵੀ ਨੂੰ ਇੱਕ ਸ਼੍ਰੇਣੀ ਵਜੋਂ ਦੇਖਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਸਾਂਝੀ ਹਿੱਸੇਦਾਰੀ ਪੈਟਰੋਲ ਤੋਂ ਅੱਗੇ ਨਿਕਲ ਜਾਂਦੀ ਹੈ। ਇਹ ਰੁਝਾਨ ਦੱਸਦਾ ਹੈ ਕਿ ਭਾਰਤੀ ਆਟੋ ਬਾਜ਼ਾਰ ਵਿੱਚ ਖ਼ਰੀਦਦਾਰਾਂ ਦੀ ਪਸੰਦ ਹੁਣ ਪਹਿਲਾਂ ਨਾਲੋਂ ਵੱਧ ਵਿਭਿੰਨ ਹੋ ਰਹੀ ਹੈ।







