ਭਲਕੇ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ ‘ਚ ਜਾਰੀ ਕੀਤਾ ਅਲਰਟ

ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਨਸੂਨ ਦੀ ਵਾਪਸੀ ਦਾ ਦੌਰ ਸ਼ੁਰੂ ਹੋਣ ਦੇ ਬਾਵਜੂਦ ਮੀਂਹ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਕਾਰਨ ਦੇਸ਼ ਦੇ ਪੂਰਬੀ ਹਿੱਸਿਆਂ ਤੋਂ ਲੈ ਕੇ ਦਿੱਲੀ-ਐਨਸੀਆਰ ਤੱਕ ਮੌਸਮ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 2 ਸਤੰਬਰ 2026 ਨੂੰ 17 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਵਿੱਚ 2 ਸਤੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ਵਿੱਚ ਵੀ ਕਮੀ ਆ ਸਕਦੀ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਕਰੀਬ 33 ਡਿਗਰੀ ਅਤੇ ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। 3 ਸਤੰਬਰ ਨੂੰ ਵੀ ਆਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਸ਼ ਜਾਂ ਬੂੰਦਾਬਾਂਦੀ ਹੋ ਸਕਦੀ ਹੈ।

ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ, ਖਾਸ ਕਰਕੇ ਪੂਰਬੀ ਯੂਪੀ ਵਿੱਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਗਈ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਕੁਝ ਥਾਵਾਂ ’ਤੇ ਗਰਜ-ਚਮਕ ਨਾਲ ਭਾਰੀ ਮੀਂਹ ਪੈ ਸਕਦਾ ਹੈ। ਬਿਹਾਰ ਵਿੱਚ ਵੀ ਮੀਂਹ ਦਾ ਦੌਰ ਜਾਰੀ ਹੈ ਅਤੇ 2 ਸਤੰਬਰ ਨੂੰ ਕਈ ਇਲਾਕਿਆਂ ਵਿੱਚ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ।

ਬੰਗਾਲ ਦੀ ਖਾੜੀ ਵਿੱਚ ਬਣੇ ਮੌਸਮੀ ਸਿਸਟਮ ਦਾ ਪ੍ਰਭਾਵ ਪੱਛਮੀ ਬੰਗਾਲ ਵਿੱਚ ਵੀ ਦੇਖਣ ਨੂੰ ਮਿਲੇਗਾ। ਕੋਲਕਾਤਾ ਸਮੇਤ ਗੰਗਾ ਦੇ ਮੈਦਾਨੀ ਇਲਾਕਿਆਂ ਅਤੇ ਦਾਰਜੀਲਿੰਗ, ਕਲਿਮਪੋਂਗ, ਜਲਪਾਈਗੁੜੀ, ਅਲੀਪੁਰਦੁਆਰ ਅਤੇ ਕੂਚਬਿਹਾਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।

ਝਾਰਖੰਡ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਤੇਜ਼ ਬਾਰਸ਼ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ, ਨਦੀਆਂ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਰਾਂਚੀ, ਗੜ੍ਹਵਾ, ਪਲਾਮੂ, ਚਤਰਾ ਅਤੇ ਲਾਤੇਹਾਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੈ।

ਮੱਧ ਪ੍ਰਦੇਸ਼ ਵਿੱਚ ਵੀ ਮੌਸਮੀ ਪ੍ਰਣਾਲੀ 4 ਸਤੰਬਰ ਤੱਕ ਸਰਗਰਮ ਰਹਿਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਕਾਰਨ ਉਮਰੀਆ, ਬਾਲਾਘਾਟ, ਜਬਲਪੁਰ, ਰੀਵਾ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

ਉੱਤਰਾਖੰਡ ਵਿੱਚ ਵੀ ਲਗਾਤਾਰ ਹੋ ਰਹੀ ਬਾਰਸ਼ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਦੇਹਰਾਦੂਨ ਅਤੇ ਟਿਹਰੀ ਲਈ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ, ਜਦਕਿ ਪੌੜੀ ਗੜ੍ਹਵਾਲ, ਉੱਤਰਕਾਸ਼ੀ, ਚਮੋਲੀ, ਨੈਨੀਤਾਲ ਅਤੇ ਹਰਿਦੁਆਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਸੂਬਿਆਂ ਵਿੱਚ ਵੀ ਮੀਂਹ ਦਾ ਅਲਰਟ:

ਬਹੁਤ ਭਾਰੀ ਬਾਰਸ਼: ਛੱਤੀਸਗੜ੍ਹ, ਝਾਰਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ।

ਭਾਰੀ ਬਾਰਸ਼: ਬਿਹਾਰ, ਸਿੱਕਮ, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ।

ਮੌਸਮ ਵਿਭਾਗ ਦੇ ਇਸ ਅਲਰਟ ਤੋਂ ਬਾਅਦ ਇਨ੍ਹਾਂ ਸੂਬਿਆਂ ਵਿੱਚ ਪ੍ਰਸ਼ਾਸਨ ਅਤੇ ਲੋਕਾਂ ਨੂੰ ਮੌਸਮ ਦੀ ਸਥਿਤੀ ’ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।