Punjab Power Crisis: ਕੋਲੇ ਦੀ ਘਾਟ ਕਾਰਨ ਪੰਜਾਬ ’ਚ ਬਿਜਲੀ ਸੰਕਟ ਗਹਿਰਾਇਆ, ਉਦਯੋਗਾਂ ਲਈ 10 ਘੰਟੇ ਦਾ ਪਾਵਰ ਕੱਟ
ਚੰਡੀਗੜ੍ਹ: ਪੰਜਾਬ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਗੰਭੀਰ ਰੂਪ ਧਾਰ ਗਿਆ ਹੈ। ਇਸ ਸਥਿਤੀ ਨੂੰ ਦੇਖਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ ਸੂਬੇ ਦੇ ਉਦਯੋਗਿਕ ਖੇਤਰ ਲਈ ਬਿਜਲੀ ਕਟੌਤੀ ਦਾ ਵਿਸ਼ੇਸ਼ ਸ਼ਡਿਊਲ ਜਾਰੀ ਕੀਤਾ ਹੈ। ਕੈਟਾਗਰੀ-2 ਫੀਡਰਾਂ ਨਾਲ ਜੁੜੀਆਂ ਉਦਯੋਗਿਕ ਇਕਾਈਆਂ ਨੂੰ ਅੱਜ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਉਦਯੋਗਾਂ ਨੂੰ ਲਗਾਤਾਰ 10 ਘੰਟਿਆਂ ਦੇ ਪਾਵਰ ਕੱਟ ਦਾ ਸਾਹਮਣਾ ਕਰਨਾ ਪਵੇਗਾ।
ਪਾਵਰਕੌਮ ਅਨੁਸਾਰ ਇਹ ਪ੍ਰਬੰਧ ਫਿਲਹਾਲ ਇੱਕ ਦਿਨ ਲਈ ਲਾਗੂ ਕੀਤਾ ਗਿਆ ਹੈ, ਪਰ ਬਿਜਲੀ ਉਤਪਾਦਨ ਵਿੱਚ ਆਈ ਕਮੀ ਨੇ ਸਨਅਤੀ ਖੇਤਰ ਦੀ ਚਿੰਤਾ ਵਧਾ ਦਿੱਤੀ ਹੈ।
ਕੋਲੇ ਦੀ ਘਾਟ ਕਾਰਨ ਸੂਬੇ ਦੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਪਾ ਰਹੇ। ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਹੈ, ਜਦਕਿ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਵੀ ਵੀਰਵਾਰ ਰਾਤ ਤੋਂ ਬੰਦ ਪਿਆ ਹੈ। ਇਸ ਤੋਂ ਇਲਾਵਾ ਇੱਕ ਸਰਕਾਰੀ ਥਰਮਲ ਯੂਨਿਟ ਵੀ ਉਤਪਾਦਨ ਤੋਂ ਬਾਹਰ ਹੈ। ਇਸ ਤਰ੍ਹਾਂ ਤਿੰਨ ਯੂਨਿਟਾਂ ਵਿੱਚ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਰੁਕ ਚੁੱਕਾ ਹੈ।
ਪਾਵਰਕੌਮ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਮੰਗ 16,112 ਮੈਗਾਵਾਟ ਤੱਕ ਪਹੁੰਚ ਗਈ ਹੈ, ਜਦਕਿ ਕੁੱਲ ਉਤਪਾਦਨ ਸਿਰਫ਼ 4,501 ਮੈਗਾਵਾਟ ਹੀ ਹੋ ਰਿਹਾ ਹੈ। ਇਸ ਵਿੱਚ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟਾਂ ਤੋਂ 3,495 ਮੈਗਾਵਾਟ ਅਤੇ ਸੂਰਜੀ ਊਰਜਾ ਪਲਾਂਟਾਂ ਤੋਂ 473 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ।
ਮੰਗ ਅਤੇ ਸਪਲਾਈ ਵਿਚਲੇ ਵੱਡੇ ਫਰਕ ਨੂੰ ਪੂਰਾ ਕਰਨ ਲਈ ਪਾਵਰਕੌਮ ਕੇਂਦਰੀ ਪੂਲ ਤੋਂ ਵਾਧੂ ਬਿਜਲੀ ਖਰੀਦ ਰਿਹਾ ਹੈ, ਪਰ ਇਸ ਦੇ ਬਾਵਜੂਦ ਹਾਲਾਤ ਕਾਬੂ ਵਿੱਚ ਨਹੀਂ ਆ ਰਹੇ। ਉਦਯੋਗਾਂ ਤੋਂ ਇਲਾਵਾ ਪਿੰਡਾਂ ਵਿੱਚ ਵੀ ਲੰਬੇ ਬਿਜਲੀ ਕੱਟ ਲੱਗ ਰਹੇ ਹਨ, ਜਦਕਿ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਬਠਿੰਡਾ, ਪਟਿਆਲਾ ਅਤੇ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਵਿੱਚ ਵੀ ਬਾਰ-ਬਾਰ ਬਿਜਲੀ ਟਰਿੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।







