ਚੰਡੀਗੜ੍ਹ ਦੇ ਸੈਕਟਰ-1 ਵਿੱਚ ਸਥਿਤ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਖ਼ਬਰ ਦੇ ਬਾਅਦ ਪੁਲਿਸ ਨੇ ਤੁਰੰਤ ਸੁਰੱਖਿਆ ਵਧਾ ਦਿੱਤੀ ਅਤੇ ਪੂਰੇ ਇਲਾਕੇ ਨੂੰ ਚੌਕਸੀ ਹੇਠ ਲਿਆ ਗਿਆ। ਬੰਬ ਸਕੁਐਡ ਅਤੇ ਆਪਰੇਸ਼ਨ ਸੈੱਲ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਪੂਰੇ ਕੰਪਲੈਕਸ ਦੀ ਤਲਾਸ਼ੀ ਸ਼ੁਰੂ ਕਰ ਚੁੱਕੀਆਂ ਹਨ। ਹਾਲਾਂਕਿ ਹੁਣ ਤੱਕ ਕੋਈ ਸ਼ੱਕੀ ਚੀਜ਼ ਹੱਥ ਨਹੀਂ ਲੱਗੀ, ਫਿਰ ਵੀ ਹਰ ਕੋਨੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਧਮਕੀ ਭਰਿਆ ਈਮੇਲ ਹਾਈ ਕੋਰਟ ਦੇ ਰਜਿਸਟਰਾਰ ਦੇ ਪਾਸ ਆਇਆ ਸੀ। ਇਸ ਤੋਂ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲਣ ਦੇ ਮਾਮਲੇ ਸਾਹਮਣੇ ਆਏ ਹਨ, ਪਰ ਕੋਈ ਖਾਸ ਸਬੂਤ ਨਹੀਂ ਮਿਲਿਆ ਸੀ। ਫਿਲਹਾਲ ਹਾਈ ਕੋਰਟ ਵਿੱਚ ਆਉਣ ਜਾਂ ਜਾਣ ਵਾਲੇ ਹਰੇਕ ਵਿਅਕਤੀ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਹੋਰ ਵੀ ਤਗੜੀ ਕਰ ਦਿੱਤੀ ਗਈ ਹੈ।