ਮੋਗਾ ਪੁਲਿਸ ਵੱਲੋਂ ਸ਼ਹਿਰ ਵਿੱਚ ਬੁਲਟ ਮੋਟਰਸਾਈਕਲਾਂ ‘ਤੇ ਪਟਾਖਾ ਸਾਇਲੈਂਸਰ ਲਗਾ ਕੇ ਧੁਨੀ ਪ੍ਰਦੂਸ਼ਣ ਫੈਲਾਉਣ ਵਾਲੇ ਨੌਜਵਾਨਾਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਗਈ ਹੈ। ਐੱਸ.ਐੱਸ.ਪੀ. ਅਜੈ ਗਾਂਧੀ ਦੇ ਹੁਕਮਾਂ ਅਨੁਸਾਰ, ਅੱਜ ਮੋਗਾ ਦੇ ਵੱਖ-ਵੱਖ ਚੌਂਕਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤ ਜਾਂਚ ਕੀਤੀ ਗਈ।
ਇਸ ਦੌਰਾਨ ਬੁਲਟ ਮੋਟਰਸਾਈਕਲਾਂ ‘ਤੇ ਪਟਾਖਾ ਯੰਤਰ ਲਗਾਉਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਦੇ ਭਾਰੀ ਚਲਾਨ ਜਾਰੀ ਕੀਤੇ ਗਏ। ਕਈ ਬਿਨਾਂ ਦਸਤਾਵੇਜ਼ਾਂ ਵਾਲੇ ਵਾਹਨ ਪੁਲਿਸ ਵੱਲੋਂ ਬੰਦ ਵੀ ਕੀਤੇ ਗਏ। ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਮੋਗਾ ਦੇ ਮੇਨ ਚੌਕ ‘ਚ ਵਿਸ਼ੇਸ਼ ਨਾਕਾ ਲਗਾ ਕੇ ਕਰੀਬ 20 ਬੁਲਟ ਮੋਟਰਸਾਈਕਲਾਂ ਦੇ ਪਟਾਖਾ ਸਾਇਲੈਂਸਰ ਉਤਾਰ ਕੇ ਮੌਕੇ ‘ਤੇ ਹੀ ਤਬਾਹ ਕਰ ਦਿੱਤੇ ਗਏ।
ਇਸ ਕਾਰਵਾਈ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਵੱਧ ਰਹੇ ਧੁਨੀ ਪ੍ਰਦੂਸ਼ਣ ‘ਤੇ ਰੋਕ ਲਗਾਉਣਾ ਹੈ। ਕੁਝ ਸ਼ਰਾਰਤੀ ਤੱਤ ਆਪਣੇ ਬੁਲਟਾਂ ‘ਤੇ ਪਟਾਖਾ ਸਾਇਲੈਂਸਰ ਲਗਾ ਕੇ ਗਲੀਆਂ ‘ਚ ਸ਼ੋਰ ਮਚਾਉਂਦੇ ਹਨ, ਜਿਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਪਰੇਸ਼ਾਨੀ ਹੁੰਦੀ ਹੈ।
ਸੁਖਮੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਅਗਲੀ ਵਾਰ ਐਸਾ ਕੀਤਾ ਤਾਂ ਉਸਦਾ ਵਾਹਨ ਸਿੱਧਾ ਪੁਲਿਸ ਥਾਣੇ ‘ਚ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਅਣਚਾਹੀਆਂ ਵਾਰਦਾਤਾਂ ‘ਤੇ ਨਿਯੰਤਰਣ ਕਰਨ ਲਈ ਚਲਾਈ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਕਾਗਜ਼ ਪੂਰੇ ਰੱਖਣ ਅਤੇ ਪੁਲਿਸ ਦੀ ਕਾਰਵਾਈ ਵਿੱਚ ਸਹਿਯੋਗ ਦੇਣ।






