ਜਲੰਧਰ ‘ਚ ਪਤੀ ਨੂੰ ਦੂਜੀ ਔਰਤ ਨਾਲ ਕਿਰਾਏ ਦੇ ਮਕਾਨ ‘ਚ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਲੈਦਰ ਕੰਪਲੈਕਸ ਇਲਾਕੇ ਵਿੱਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਬਣ ਗਈ, ਜਦੋਂ ਇੱਕ ਮਹਿਲਾ ਨੇ ਆਪਣੇ ਪਤੀ ਨੂੰ ਕਥਿਤ ਤੌਰ ‘ਤੇ ਕਿਸੇ ਹੋਰ ਲੜਕੀ ਨਾਲ ਕਿਰਾਏ ਦੇ ਮਕਾਨ ਵਿੱਚ ਫੜ ਲਿਆ। ਮਹਿਲਾ ਆਪਣੇ ਇੱਕ ਰਿਸ਼ਤੇਦਾਰ ਨੂੰ ਨਾਲ ਲੈ ਕੇ ਉੱਥੇ ਪਹੁੰਚੀ ਸੀ। ਪਤੀ ਨੂੰ ਦੂਜੀ ਔਰਤ ਨਾਲ ਦੇਖ ਕੇ ਉਹ ਗੁੱਸੇ ਵਿੱਚ ਆ ਗਈ ਅਤੇ ਉਸ ਨੇ ਥੱਪੜਾਂ ਤੇ ਚੱਪਲਾਂ ਨਾਲ ਪਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਹਿਲਾ ਦੇ ਨਾਲ ਆਏ ਰਿਸ਼ਤੇਦਾਰ ਨੇ ਵੀ ਉਸ ਦੇ ਪਤੀ ਦੀ ਕੁੱਟਮਾਰ ਕੀਤੀ।
ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਕਮਰੇ ਵਿੱਚੋਂ ਕੁਝ ਇਤਰਾਜ਼ਯੋਗ ਸਾਮਾਨ ਵੀ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਮੌਕੇ ‘ਤੇ ਬੁਲਾਇਆ ਗਿਆ।
ਮਹਿਲਾ ਨੇ ਆਪਣੇ ਪਤੀ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੇ ਇੱਕ ਲੜਕੀ ਨਾਲ ਪਿਛਲੇ ਕਰੀਬ ਪੰਜ ਸਾਲਾਂ ਤੋਂ ਕਥਿਤ ਤੌਰ ‘ਤੇ ਸਬੰਧ ਹਨ। ਉਸ ਦਾ ਦਾਅਵਾ ਹੈ ਕਿ ਉਕਤ ਲੜਕੀ ਪੁੱਡਾ ਕੰਪਲੈਕਸ ਵਿੱਚ ਨੌਕਰੀ ਕਰਦੀ ਹੈ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਪਤੀ-ਪਤਨੀ ਵਿਚਕਾਰ ਝਗੜਾ ਹੋ ਚੁੱਕਾ ਹੈ। ਦੋਵਾਂ ਧਿਰਾਂ ਵਿਚਾਲੇ ਸਮਝੌਤਾ ਵੀ ਹੋਇਆ ਸੀ, ਪਰ ਇਸ ਦੇ ਬਾਵਜੂਦ ਪਤੀ ਨੇ ਲੜਕੀ ਨਾਲ ਮਿਲਣਾ-ਜੁਲਣਾ ਬੰਦ ਨਹੀਂ ਕੀਤਾ।
ਮਹਿਲਾ ਮੁਤਾਬਕ ਉਸ ਦਾ ਪਤੀ ਅੰਮ੍ਰਿਤਸਰ ਵਿੱਚ ਨੌਕਰੀ ਕਰਦਾ ਹੈ, ਜਦਕਿ ਉਸ ਨੇ ਜਲੰਧਰ ਵਿੱਚ ਵੱਖਰਾ ਮਕਾਨ ਕਿਰਾਏ ‘ਤੇ ਲਿਆ ਹੋਇਆ ਸੀ। ਮਹਿਲਾ ਦਾ ਦੋਸ਼ ਹੈ ਕਿ ਉਸ ਦਾ ਪਤੀ ਇਸੇ ਮਕਾਨ ਵਿੱਚ ਉਕਤ ਲੜਕੀ ਨਾਲ ਮਿਲਦਾ ਸੀ ਅਤੇ ਸਮਾਂ ਬਿਤਾਉਂਦਾ ਸੀ।
ਇਸ ਤੋਂ ਇਲਾਵਾ ਮਹਿਲਾ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਦੇ ਮੋਬਾਈਲ ਫੋਨ ਵਿੱਚ ਲੜਕੀ ਦੀਆਂ ਇਤਰਾਜ਼ਯੋਗ ਵੀਡੀਓਜ਼ ਵੀ ਮੌਜੂਦ ਹਨ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪਤੀ ਨੇ ਦੜੇ-ਸੱਟੇ ਵਿੱਚ ਪੈਸੇ ਜਿੱਤਣ ਤੋਂ ਬਾਅਦ ਲੜਕੀ ਨੂੰ ਮਕਾਨ ਖਰੀਦ ਕੇ ਦਿੱਤਾ ਹੈ। ਮਹਿਲਾ ਅਨੁਸਾਰ ਲੜਕੀ ਹਰ ਰੋਜ਼ ਸ਼ਾਮ ਕਰੀਬ 5 ਵਜੇ ਇਸ ਮਕਾਨ ਵਿੱਚ ਆਉਂਦੀ ਸੀ ਅਤੇ 7 ਵਜੇ ਦੇ ਆਸ-ਪਾਸ ਉੱਥੋਂ ਚਲੀ ਜਾਂਦੀ ਸੀ।
ਦੂਜੇ ਪਾਸੇ, ਮਹਿਲਾ ਦੇ ਭਰਾ ਨੇ ਵੀ ਆਪਣੇ ਜੀਜੇ ‘ਤੇ ਭੈਣ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਉਹ ਪਰਿਵਾਰਕ ਮੈਂਬਰਾਂ ਨਾਲ ਮਕਾਨ ਵਿੱਚ ਪਹੁੰਚੇ ਤਾਂ ਜੀਜੇ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਪੁਲਸ ਨੂੰ ਮੌਕੇ ‘ਤੇ ਸੱਦਿਆ ਗਿਆ।
ਫਿਲਹਾਲ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੁਲਸ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਘਟਨਾ ਸਬੰਧੀ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ।







