ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਵੱਡੇ ਐਲਾਨ ਕੀਤੇ ਗਏ ਹਨ। ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ 4,500 ਪਰਿਵਾਰਾਂ ਨੂੰ 10,000 ਰੁਪਏ ਪ੍ਰਤੀ ਪਰਿਵਾਰ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ। ਇਸ ਨਾਲ ਲਗਭਗ 4.5 ਕਰੋੜ ਰੁਪਏ ਦੀ ਸਹਾਇਤਾ ਪਹੁੰਚੇਗੀ। ਇਹ ਮਦਦ ਖ਼ਾਸ ਤੌਰ ’ਤੇ ਉਹਨਾਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਨਾ ਜ਼ਮੀਨ ਹੈ ਤੇ ਨਾ ਹੀ ਨੌਕਰੀ, ਅਤੇ ਜੋ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰ ਚਲਾਉਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ 10 ਕਰੋੜ ਰੁਪਏ ਦਰਸ਼ਨ ਸਿੰਘ ਧਾਲੀਵਾਲ ਅਤੇ ਸੁਰਜੀਤ ਸਿੰਘ ਰੱਖੜਾ ਵੱਲੋਂ, ਜਦਕਿ 1.11 ਕਰੋੜ ਰੁਪਏ ਰਵੀ ਇੰਦਰ ਸਿੰਘ ਵੱਲੋਂ ਸੇਵਾ ਲਈ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਹੜ੍ਹ ਪੀੜਤ ਇਲਾਕਿਆਂ ਦੇ 1,000 ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਅਗਲੇ 6 ਮਹੀਨਿਆਂ ਲਈ 5,000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਮੰਦਰਾਂ ਦੇ ਪੰਡਤਾਂ ਦੀ ਵੀ ਬਿਨਾ ਕਿਸੇ ਭੇਦਭਾਵ ਦੇ ਸਹਾਇਤਾ ਕੀਤੀ ਜਾਵੇਗੀ।
ਕਿਸਾਨਾਂ ਦੀ ਮਦਦ ਲਈ ਪਾਰਟੀ ਨੇ ਐਲਾਨ ਕੀਤਾ ਹੈ ਕਿ 1 ਲੱਖ ਲੀਟਰ ਡੀਜ਼ਲ, 20,000 ਕੁਇੰਟਲ ਚਾਰਾ (200 ਟਰੱਕ) ਅਤੇ 25,000 ਕੁਇੰਟਲ ਤੂੜੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀ ਜਾਵੇਗੀ। ਇਸ ਲਈ ਲਗਭਗ 1.20 ਕਰੋੜ ਰੁਪਏ ਦਾ ਖਰਚਾ ਆਵੇਗਾ।
ਇਸ ਤੋਂ ਇਲਾਵਾ, 10,000 ਸਕੂਲੀ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਜਾਂ ਫੀਸ ਦੇ ਰੂਪ ਵਿੱਚ ਮਦਦ ਦਿੱਤੀ ਜਾਵੇਗੀ, ਜਿਸ ’ਤੇ ਕਰੀਬ 1.03 ਕਰੋੜ ਰੁਪਏ ਦਾ ਖਰਚਾ ਹੋਵੇਗਾ।