ਪੰਜਾਬ ਦੇ ਮੌਸਮ ਵਿੱਚ ਫਿਲਹਾਲ ਕੋਈ ਵੱਡਾ ਬਦਲਾਵ ਨਹੀਂ ਆਇਆ, ਪਰ ਆਉਣ ਵਾਲੇ ਦਿਨ ਲੋਕਾਂ ਲਈ ਰਾਹਤ ਲੈ ਕੇ ਆ ਸਕਦੇ ਹਨ। ਸੂਬੇ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਹੌਲੀ-ਹੌਲੀ ਵਾਪਸੀ ਕਰ ਰਿਹਾ ਹੈ ਅਤੇ ਮੌਸਮ ਵਿਭਾਗ ਮੁਤਾਬਕ ਜਲਦ ਹੀ ਮਾਨਸੂਨ ਪੂਰੀ ਤਰ੍ਹਾਂ ਪੰਜਾਬ ਤੋਂ ਰੁਖ਼ਸਤ ਹੋ ਜਾਵੇਗਾ। ਮੌਸਮ ਕੇਂਦਰ ਦੀ ਰਿਪੋਰਟ ਅਨੁਸਾਰ, ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ‘ਚ 38.9 ਡਿਗਰੀ ਦਰਜ ਕੀਤਾ ਗਿਆ। ਦਿਨ ਦੇ ਸਮੇਂ ਪਾਰਾ ਆਮ ਹੱਦਾਂ ਦੇ ਨੇੜੇ ਹੈ, ਪਰ ਰਾਤਾਂ ਵਿੱਚ ਹਵਾ ਠੰਢੀ ਹੋਣੀ ਸ਼ੁਰੂ ਹੋ ਗਈ ਹੈ।
ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਨਾ ਕੇ ਬਰਾਬਰ ਹੈ ਅਤੇ ਮੌਸਮ ਸੁੱਕਾ ਰਹੇਗਾ। ਮਾਨਸੂਨ ਦੌਰਾਨ ਨਮੀ ਦੀ ਦਰ 90 ਫ਼ੀਸਦੀ ਤੱਕ ਪਹੁੰਚ ਗਈ ਸੀ, ਜੋ ਹੁਣ 60 ਤੋਂ 80 ਫ਼ੀਸਦੀ ਦਰਮਿਆਨ ਆ ਗਈ ਹੈ। ਇਸ ਕਰਕੇ ਲੋਕਾਂ ਨੂੰ ਚਿਪਚਿਪੀ ਗਰਮੀ ਤੋਂ ਰਾਹਤ ਮਿਲੀ ਹੈ। ਹੁਣ ਗਰਮੀ ਸਿਰਫ਼ ਦਿਨਾਂ ਵਿੱਚ ਮਹਿਸੂਸ ਹੁੰਦੀ ਹੈ, ਜਦਕਿ ਰਾਤਾਂ ਵਿੱਚ ਹੌਲੀ-ਹੌਲੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ। ਮੌਸਮ ਵਿਗਿਆਨੀਆਂ ਦੇ ਮੁਤਾਬਕ, ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਹਲਕੀ ਠੰਢ ਵਧਣੀ ਸ਼ੁਰੂ ਹੋ ਜਾਵੇਗੀ, ਜੋ ਦਸੰਬਰ ਤੇ ਜਨਵਰੀ ਵਿੱਚ ਚਰਮ ‘ਤੇ ਪਹੁੰਚ ਕੇ ਪਾਰਾ 4 ਤੋਂ 6 ਡਿਗਰੀ ਤੱਕ ਲੈ ਆਵੇਗੀ।