ਜਲੰਧਰ—ਪੰਜਾਬ ਵਿੱਚ ਇਕ ਵਾਰ ਫਿਰ ਮੌਸਮ ਕਰਵਟ ਲੈ ਸਕਦਾ ਹੈ। ਅੱਜ ਸੂਬੇ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋਣ ਨਾਲ ਮੌਸਮ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੱਡੇ ਬਦਲਾਅ ਦੇ ਆਸਾਰ ਹਨ ਅਤੇ ਤਾਪਮਾਨ ਵਿੱਚ ਵੀ ਕਮੀ ਆ ਸਕਦੀ ਹੈ।
ਤਾਜ਼ਾ ਅਪਡੇਟ ਮੁਤਾਬਕ ਅੱਜ ਤੋਂ 31 ਮਾਰਚ ਤੱਕ ਲਗਾਤਾਰ 5 ਦਿਨਾਂ ਲਈ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਬਿਜਲੀ ਕੜਕਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਅੱਜ ਤਰਨਤਾਰਨ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਮਾਨਸਾ ਅਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
ਤਾਪਮਾਨ ਦੀ ਗੱਲ ਕਰੀਏ ਤਾਂ ਪਟਿਆਲਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 32.4 ਡਿਗਰੀ, ਲੁਧਿਆਣਾ ਵਿੱਚ 33.6 ਡਿਗਰੀ, ਫਰੀਦਕੋਟ ਵਿੱਚ 33.9 ਡਿਗਰੀ ਅਤੇ ਹੋਰ ਸ਼ਹਿਰਾਂ ਵਿੱਚ ਵੀ ਤਾਪਮਾਨ 28 ਤੋਂ 33 ਡਿਗਰੀ ਦੇ ਦਰਮਿਆਨ ਰਿਹਾ।
ਮੌਸਮ ਵਿੱਚ ਆ ਰਹੇ ਇਸ ਬਦਲਾਅ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ, ਕਿਉਂਕਿ ਕਣਕ ਦੀ ਫਸਲ ਇਸ ਸਮੇਂ ਪੱਕਣ ਦੇ ਅਖੀਰਲੇ ਪੜਾਅ ’ਚ ਹੈ। ਅਜਿਹੇ ਵਿੱਚ ਮੀਂਹ ਪੈਣ ਨਾਲ ਫਸਲ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਬਣ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਮਿਹਨਤ ਪ੍ਰਭਾਵਿਤ ਹੋ ਸਕਦੀ ਹੈ।




