ਤਲਵਾੜਾ ਖੇਤਰ ਵਿੱਚ ਸਰਕਾਰ ਵੱਲੋਂ ਕੰਡੀ ਇਲਾਕੇ ਦੇ ਕਿਸਾਨਾਂ ਨੂੰ ਵਧੀਆ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਉਸ ਸਮੇਂ ਸਵਾਲਾਂ ਘੇਰਿਆਂ ਵਿੱਚ ਆ ਗਏ, ਜਦੋਂ ਪਿੰਡ ਚੰਗੜਵਾਂ ਦੇ ਨੇੜੇ ਨਹਿਰ ਟੁੱਟ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਨਹਿਰ ਦਾ ਪਾਣੀ ਖੇਤਾਂ ਵਿੱਚ ਵੜ ਗਿਆ ਅਤੇ ਪੁੱਤਾਂ ਵਾਂਗ ਸੰਭਾਲੀ ਕਣਕ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਗਿਆ।
ਮਿਲੀ ਜਾਣਕਾਰੀ ਮੁਤਾਬਕ ਨਹਿਰ ਟੁੱਟਣ ਨਾਲ ਲਗਭਗ 5-6 ਕਿੱਲੇ ਕਣਕ ਦੀ ਫ਼ਸਲ ਬਰਬਾਦ ਹੋ ਗਈ ਹੈ, ਜਦਕਿ ਨੇੜਲੇ ਹੋਰ ਖੇਤਾਂ ਵਿੱਚ ਵੀ ਪਾਣੀ ਖੜ੍ਹਾ ਹੋਣ ਕਾਰਨ ਵੱਡੇ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ। ਮੌਕੇ ‘ਤੇ ਮੌਜੂਦ ਪ੍ਰਭਾਵਿਤ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਨਹਿਰ ਟੁੱਟਣ ਬਾਰੇ ਤੁਰੰਤ ਸੰਬੰਧਿਤ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਪਰ ਕਈ ਘੰਟਿਆਂ ਤੱਕ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।
ਕਿਸਾਨਾਂ ਦਾ ਦੋਸ਼ ਹੈ ਕਿ ਇਹ ਨਹਿਰ ਪਿਛਲੇ ਸਾਲ ਵੀ ਇਸੇ ਥਾਂ ਤੋਂ ਟੁੱਟੀ ਸੀ ਅਤੇ ਮਜ਼ਬੂਤ ਮੁਰੰਮਤ ਲਈ ਵਾਰ-ਵਾਰ ਅਪੀਲਾਂ ਕੀਤੀਆਂ ਗਈਆਂ ਸਨ, ਪਰ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਫਿਰ ਉਹੀ ਸਥਿਤੀ ਬਣ ਗਈ।
ਇਸ ਮੌਕੇ ਪਿੰਡ ਦੇ ਲੰਬੜਦਾਰ ਦੀਪਕ ਕੁਮਾਰ ਸਿੰਘ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਸੁਮਿਤ ਡਡਵਾਲ ਨੇ ਪ੍ਰਭਾਵਿਤ ਕਿਸਾਨਾਂ ਨਾਲ ਹਮਦਰਦੀ ਜਤਾਉਂਦੇ ਹੋਏ ਸਰਕਾਰ ਕੋਲ ਮੰਗ ਕੀਤੀ ਕਿ ਨਹਿਰ ਦੇ ਕਮਜ਼ੋਰ ਹਿੱਸੇ ਦੀ ਤੁਰੰਤ ਪੱਕੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਤੁਰੰਤ ਗਿਰਦਾਵਰੀ ਕਰਵਾ ਕੇ ਨੁਕਸਾਨੀ ਫ਼ਸਲ ਲਈ ਕਿਸਾਨਾਂ ਨੂੰ ਬਿਨਾਂ ਦੇਰੀ ਯੋਗ ਮੁਆਵਜ਼ਾ ਦਿੱਤਾ ਜਾਵੇ।






