ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ‘ਚ ਜ਼ਮੀਨ ਹੋਏਗੀ ਐਕੁਆਇਰ !

ਪੰਜਾਬ ਦੇ ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰੇਲ ਮੰਤਰਾਲੇ ਵੱਲੋਂ ਫਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਪ੍ਰੋਜੈਕਟ ਕੁੱਲ 25.72 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ ‘ਤੇ ਲਗਭਗ ₹764.19 ਕਰੋੜ ਦੀ ਲਾਗਤ ਆਵੇਗੀ। ਇਸ ਵਿੱਚੋਂ ₹166 ਕਰੋੜ ਜ਼ਮੀਨ ਪ੍ਰਾਪਤੀ ਲਈ ਰੱਖੇ ਗਏ ਹਨ, ਜੋ ਪੂਰੀ ਤਰ੍ਹਾਂ ਰੇਲਵੇ ਵੱਲੋਂ ਭਰੇ ਜਾਣਗੇ।

ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਪ੍ਰੋਜੈਕਟ ਰਣਨੀਤਕ ਤੇ ਆਰਥਿਕ ਦ੍ਰਿਸ਼ਟੀਕੋਣੋਂ ਬਹੁਤ ਮਹੱਤਵਪੂਰਨ ਹੈ। ਇਸ ਨਾਲ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਦੀ ਦੂਰੀ 196 ਕਿਲੋਮੀਟਰ ਤੋਂ ਘਟ ਕੇ ਲਗਭਗ 100 ਕਿਲੋਮੀਟਰ ਰਹਿ ਜਾਵੇਗੀ। ਇਸ ਦੇ ਨਾਲ ਹੀ ਜੰਮੂ–ਫਿਰੋਜ਼ਪੁਰ–ਫਾਜ਼ਿਲਕਾ–ਮੁੰਬਈ ਕੋਰੀਡੋਰ ਵੀ 236 ਕਿਲੋਮੀਟਰ ਘੱਟ ਹੋ ਜਾਵੇਗਾ।

ਬਿੱਟੂ ਨੇ ਇਸਨੂੰ ਪੰਜਾਬ ਲਈ ਇੱਕ ਇਤਿਹਾਸਕ ਤੋਹਫ਼ਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਰੇਲ ਲਾਈਨ ਜਲੰਧਰ–ਫਿਰੋਜ਼ਪੁਰ ਅਤੇ ਪੱਟੀ–ਖੇਮਕਰਨ ਰੂਟਾਂ ਨੂੰ ਜੋੜੇਗੀ, ਜਿਸ ਨਾਲ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇੱਕ ਸਿੱਧਾ ਤੇ ਵਿਕਲਪਿਕ ਸੰਪਰਕ ਮਾਰਗ ਤਿਆਰ ਹੋਵੇਗਾ। ਇਹ ਰਸਤਾ ਰਣਨੀਤਕ ਰੱਖਿਆ ਖੇਤਰਾਂ ਵਿੱਚੋਂ ਲੰਘੇਗਾ, ਜਿਸ ਨਾਲ ਫੌਜਾਂ, ਸਾਮਾਨ ਅਤੇ ਸਪਲਾਈ ਦੀ ਤੇਜ਼ ਆਵਾਜਾਈ ਯਕੀਨੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਲਗਭਗ 10 ਲੱਖ ਲੋਕਾਂ ਨੂੰ ਸਿੱਧਾ ਤੇ ਅਸਿੱਧਾ ਲਾਭ ਮਿਲੇਗਾ ਅਤੇ ਕਰੀਬ 2.5 ਲੱਖ ਰੁਜ਼ਗਾਰ ਦੇ ਮੌਕੇ ਤਿਆਰ ਹੋਣਗੇ। ਇਹ ਨਵੀਂ ਰੇਲ ਲਾਈਨ ਹਰ ਰੋਜ਼ 2,500 ਤੋਂ 3,500 ਯਾਤਰੀਆਂ ਲਈ ਸੁਵਿਧਾ ਪ੍ਰਦਾਨ ਕਰੇਗੀ, ਜਿਸ ਨਾਲ ਵਿਦਿਆਰਥੀਆਂ, ਮਜ਼ਦੂਰਾਂ ਅਤੇ ਪੇਂਡੂ ਮਰੀਜ਼ਾਂ ਨੂੰ ਖਾਸ ਤੌਰ ‘ਤੇ ਲਾਭ ਮਿਲੇਗਾ। ਇਸ ਪ੍ਰੋਜੈਕਟ ਨਾਲ ਵਪਾਰ ਤੇ ਉਦਯੋਗਿਕ ਵਿਕਾਸ ਨੂੰ ਤੇਜ਼ੀ ਮਿਲੇਗੀ, ਮਾਲ ਢੋਆ-ਢੁਆਈ ਦੀ ਲਾਗਤ ਘਟੇਗੀ, ਅਤੇ ਖੇਤੀਬਾੜੀ ਮੰਡੀਆਂ ਤੱਕ ਪਹੁੰਚ ਹੋਰ ਆਸਾਨ ਹੋ ਜਾਵੇਗੀ।