ਚੰਡੀਗੜ੍ਹ: ਵੀਰਵਾਰ ਰਾਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਅਸਮਾਨ ‘ਚ ਅਚਾਨਕ ਦਿਖਾਈ ਦਿੱਤੀ ਤੇਜ਼ ਚਮਕਦਾਰ ਰੌਸ਼ਨੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਰਾਤ ਕਰੀਬ 8:34 ਤੋਂ 8:40 ਵਜੇ ਦੇ ਦਰਮਿਆਨ ਅੰਮ੍ਰਿਤਸਰ, ਤਰਨਤਾਰਨ, ਅਜਨਾਲਾ, ਗੁਰਦਾਸਪੁਰ, ਦਸੂਹਾ, ਜਲੰਧਰ, ਪਠਾਨਕੋਟ ਸਮੇਤ ਕਈ ਥਾਵਾਂ ‘ਤੇ ਲੋਕਾਂ ਨੇ ਇੱਕ ਚਮਕਦਾਰ ਵਸਤੂ ਨੂੰ ਤੇਜ਼ੀ ਨਾਲ ਅਸਮਾਨ ਵਿਚੋਂ ਲੰਘਦੇ ਹੋਏ ਦੇਖਿਆ। ਇਸ ਘਟਨਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਚਮਕ ਨਾ ਤਾਂ ਬਿਜਲੀ ਵਰਗੀ ਸੀ ਅਤੇ ਨਾ ਹੀ ਆਤਿਸ਼ਬਾਜ਼ੀ ਵਰਗੀ। ਕਈ ਲੋਕਾਂ ਨੇ ਇਸਨੂੰ ਉਲਕਾ ਨਾਲ ਜੋੜਿਆ, ਜਦਕਿ ਕੁਝ ਨੇ ਦੱਸਿਆ ਕਿ ਇਹ ਕਿਸੇ ਵੱਡੇ ਧਮਾਕੇ ਜਾਂ ਪਟਾਕੇ ਵਰਗੀ ਚਮਕ ਸੀ, ਜੋ ਕੁਝ ਸਕਿੰਟਾਂ ਲਈ ਨਜ਼ਰ ਆਈ ਅਤੇ ਫਿਰ ਅਚਾਨਕ ਗਾਇਬ ਹੋ ਗਈ।
ਖਗੋਲ ਵਿਗਿਆਨੀਆਂ ਮੁਤਾਬਕ ਇਹ ਇੱਕ ਬ੍ਰਾਈਟ ਫਾਇਰਬਾਲ ਮੀਟੀਅਰ ਸੀ। ਇਹ ਪੁਲਾੜ ਤੋਂ ਆਇਆ ਪੱਥਰ ਜਾਂ ਧਾਤ ਦਾ ਛੋਟਾ ਟੁਕੜਾ ਸੀ, ਜੋ ਧਰਤੀ ਦੇ ਵਾਯੂਮੰਡਲ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਦਾਖਲ ਹੋਣ ਦੌਰਾਨ ਹਵਾ ਨਾਲ ਹੋਈ ਰਗੜ ਕਾਰਨ ਬਹੁਤ ਚਮਕਣ ਲੱਗ ਪਿਆ ਅਤੇ ਉੱਚਾਈ ‘ਤੇ ਹੀ ਪੂਰੀ ਤਰ੍ਹਾਂ ਸੜ ਗਿਆ।
ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਨਾਲ ਲੋਕਾਂ ਲਈ ਕੋਈ ਖ਼ਤਰਾ ਨਹੀਂ ਸੀ ਅਤੇ ਹੁਣ ਤੱਕ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਕਿ ਇਸਦਾ ਕੋਈ ਹਿੱਸਾ ਧਰਤੀ ‘ਤੇ ਡਿੱਗਿਆ ਹੋਵੇ।
ਖਗੋਲ ਵਿਗਿਆਨ ਅਨੁਸਾਰ ਪੁਲਾੜ ਵਿੱਚ ਘੁੰਮਦੇ ਪੱਥਰ ਜਾਂ ਧਾਤ ਦੇ ਛੋਟੇ ਟੁਕੜਿਆਂ ਨੂੰ ਉਲਕਾ ਪਿੰਡ ਕਿਹਾ ਜਾਂਦਾ ਹੈ। ਜਦੋਂ ਇਹ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਕੇ ਰਗੜ ਕਾਰਨ ਚਮਕਦੇ ਹਨ ਤਾਂ ਉਨ੍ਹਾਂ ਨੂੰ ਉਲਕਾ ਕਿਹਾ ਜਾਂਦਾ ਹੈ। ਜੇਕਰ ਇਹ ਬਹੁਤ ਵੱਧ ਚਮਕਦਾਰ ਹੋਣ ਤਾਂ ਉਨ੍ਹਾਂ ਨੂੰ ਫਾਇਰਬਾਲ ਦਾ ਨਾਮ ਦਿੱਤਾ ਜਾਂਦਾ ਹੈ, ਜਦਕਿ ਜੇਕਰ ਕੋਈ ਹਿੱਸਾ ਸੜਨ ਤੋਂ ਬਚ ਕੇ ਧਰਤੀ ‘ਤੇ ਡਿੱਗ ਪਏ ਤਾਂ ਉਸਨੂੰ ਉਲਕਾ ਪਿੰਡ (Meteorite) ਕਿਹਾ ਜਾਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਖਗੋਲੀ ਘਟਨਾਵਾਂ ਕਦੇ-ਕਦੇ ਵਾਪਰਦੀਆਂ ਰਹਿੰਦੀਆਂ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਫਾਇਰਬਾਲ ਵਾਯੂਮੰਡਲ ਵਿੱਚ ਹੀ ਪੂਰੀ ਤਰ੍ਹਾਂ ਸੜ ਕੇ ਖਤਮ ਹੋ ਜਾਂਦੇ ਹਨ।







