ਪੰਜਾਬ ‘ਚ RED ALERT! ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ‘ਚ…

ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਵੱਲੋਂ ਜਾਰੀ ਜ਼ਿਲ੍ਹਾ ਵਾਰ ਮੌਸਮੀ ਚੇਤਾਵਨੀ ਅਨੁਸਾਰ ਪੰਜਾਬ ਵਿੱਚ 13 ਤੋਂ 16 ਜਨਵਰੀ 2026 ਤੱਕ ਸੰਘਣੀ ਧੁੰਦ ਅਤੇ ਤੀਖੀ ਠੰਡ ਦਾ ਦੌਰ ਬਣਿਆ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਲਈ ਰੈੱਡ, ਓਰੇਂਜ ਅਤੇ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਮੌਸਮ ਵਿਭਾਗ ਮੁਤਾਬਕ 13 ਜਨਵਰੀ, ਯਾਨੀ ਲੋਹੜੀ ਦੇ ਦਿਨ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਫਰੀਦਕੋਟ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਬਠਿੰਡਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਓਰੇਂਜ ਅਲਰਟ ਲਾਗੂ ਹੈ।

ਉੱਧਰ 14 ਅਤੇ 15 ਜਨਵਰੀ ਨੂੰ ਵੀ ਮੌਸਮ ਵਿੱਚ ਵੱਡੇ ਸੁਧਾਰ ਦੀ ਉਮੀਦ ਨਹੀਂ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਰਹੇਗਾ। 16 ਜਨਵਰੀ ਨੂੰ ਵੀ ਸੂਬੇ ਦੇ ਵੱਡੇ ਹਿੱਸੇ ਵਿੱਚ ਯੈਲੋ ਅਲਰਟ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਜ਼ਿਲ੍ਹਿਆਂ ਵਿੱਚ ਕੋਲਡ ਡੇ ਜਾਂ ਕੋਲਡ ਵੇਵ ਦੀ ਸਥਿਤੀ ਬਣ ਸਕਦੀ ਹੈ, ਜਿਸ ਨਾਲ ਆਮ ਜਨਜੀਵਨ ਦੇ ਨਾਲ ਨਾਲ ਸੜਕ ਅਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਭਾਵੇਂ ਆਉਣ ਵਾਲੇ ਦਿਨਾਂ ਵਿੱਚ ਧੁੰਦ ਦੀ ਤੀਬਰਤਾ ਵਿੱਚ ਕੁਝ ਘਟਾਓ ਆ ਸਕਦਾ ਹੈ, ਪਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੀਤ ਲਹਿਰ ਦਾ ਅਸਰ ਬਣਿਆ ਰਹੇਗਾ।

ਅੱਜ ਸਵੇਰੇ ਪਠਾਨਕੋਟ ਦੇ ਪੂਰੇ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਰਹੀ। ਧੁੰਦ ਕਾਰਨ ਕਈ ਥਾਵਾਂ ‘ਤੇ ਦ੍ਰਿਸ਼ਟੀ ਬਹੁਤ ਘੱਟ ਰਹੀ, ਜਿਸ ਨਾਲ ਵਾਹਨ ਚਲਾਉਣ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਆਈਆਂ। ਹਾਲਾਤ ਅਜਿਹੇ ਸਨ ਕਿ ਸੜਕਾਂ ‘ਤੇ ਚਲਦੇ ਵਾਹਨਾਂ ਨੂੰ ਹੈੱਡਲਾਈਟਾਂ ਅਤੇ ਫੌਗ ਲਾਈਟਾਂ ਜਗਾ ਕੇ ਬਹੁਤ ਸਾਵਧਾਨੀ ਨਾਲ ਸਫ਼ਰ ਕਰਨਾ ਪਿਆ।

ਸਥਾਨਕ ਲੋਕਾਂ ਨੇ ਦੱਸਿਆ ਕਿ ਲੋਹੜੀ ਦੇ ਮੌਕੇ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਬਹੁਤ ਘਟ ਗਈ ਸੀ, ਜੋ ਪਤੰਗ ਉਡਾਉਣ ਦੇ ਸ਼ੌਕੀਨਾਂ ਲਈ ਨਿਰਾਸ਼ਾਜਨਕ ਰਹੀ। ਆਮ ਤੌਰ ‘ਤੇ ਇਸ ਦਿਨ ਲੋਕ ਪਤੰਗ ਅਤੇ ਡੋਰ ਖਰੀਦਣ ਲਈ ਬਾਜ਼ਾਰਾਂ ਵਿੱਚ ਆਉਂਦੇ ਹਨ, ਪਰ ਧੁੰਦ ਨੇ ਉਨ੍ਹਾਂ ਦੀਆਂ ਯੋਜਨਾਵਾਂ ‘ਤੇ ਪਾਣੀ ਫੇਰ ਦਿੱਤਾ।