ਪੰਜਾਬ ‘ਚ ਲਾਟਰੀ ਦੀ ਲਹਿਰ! 100 ਟਿਕਟਾਂ ਖਰੀਦ ਕੇ ਇੱਕ ਝਟਕੇ ‘ਚ ਹੋਇਆ ਮਾਲਾਮਾਲ

ਰੂਪਨਗਰ ਤੋਂ ਇੱਕ ਅਜਿਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਚੌਂਕਾ ਦਿੱਤਾ ਹੈ। ਕਹਿਣ ਨੂੰ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ, ਤੇ ਇੱਥੇ ਇਹ ਗੱਲ ਸੱਚ ਸਾਬਤ ਹੋ ਗਈ। ਇਲਾਕੇ ਦੇ ਇੱਕ ਵਿਅਕਤੀ ਦੀ ਕਿਸਮਤ ਇੰਨੀ ਚਮਕੀ ਕਿ ਲੋਕ ਵੀ ਦੇਖਦੇ ਰਹਿ ਗਏ। ਇਸ ਵਿਅਕਤੀ ਨੇ ਅਸ਼ੋਕਾ ਲਾਟਰੀ ਦੀ ਦੁਕਾਨ ਤੋਂ 7 ਰੁਪਏ ਮੁੱਲ ਵਾਲੀ ‘ਡੀਅਰ ਲਾਟਰੀ’ ਦੀਆਂ 100 ਟਿਕਟਾਂ ਖਰੀਦੀਆਂ ਸਨ। ਇਹ ਫੈਸਲਾ ਉਸ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਬਣ ਗਿਆ, ਕਿਉਂਕਿ ਹੈਰਾਨੀ ਦੀ ਗੱਲ ਇਹ ਰਹੀ ਕਿ ਸਾਰੀਆਂ 100 ਟਿਕਟਾਂ ‘ਤੇ ਇਨਾਮ ਨਿਕਲ ਆਇਆ। ਇਹਨਾਂ ਟਿਕਟਾਂ ਤੋਂ ਮਿਲੀ ਕੁੱਲ ਇਨਾਮੀ ਰਕਮ 10 ਲੱਖ ਰੁਪਏ ਬਣਦੀ ਹੈ, ਜਿਸ ਨਾਲ ਉਹ ਇੱਕ ਪਲ ‘ਚ ਹੀ ਮਾਲਾਮਾਲ ਬਣ ਗਿਆ।

ਲੋਕਾਂ ਵਿੱਚ ਹੈਰਾਨੀ ਦੀ ਲਹਿਰ

ਅਸ਼ੋਕਾ ਲਾਟਰੀ ਦੇ ਮਾਲਕ ਨੇ ਦੱਸਿਆ ਕਿ ਇਹ ਟਿਕਟਾਂ ਉਹਨਾਂ ਨੇ ਹੀ ਵੇਚੀਆਂ ਸਨ ਅਤੇ ਅਜਿਹੀ ਕਿਸਮਤ ਕਦੇ–ਕਦੇ ਹੀ ਵੇਖਣ ਨੂੰ ਮਿਲਦੀ ਹੈ, ਜਦੋਂ ਇੱਕੋ ਵਾਰ ਸਾਰੇ ਟਿਕਟ ਜਿੱਤ ਜਾਣ। ਇਹ ਖ਼ਬਰ ਇਲਾਕੇ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ 100 ਟਿਕਟਾਂ ਦਾ ਇਕੱਠੇ ਜਿੱਤਣਾ ਬਹੁਤ ਹੀ ਦੁਲੱਭ ਮਾਮਲਾ ਮੰਨਿਆ ਜਾਂਦਾ ਹੈ। ਲੋਕ ਇਸਨੂੰ ਰੱਬ ਦੀ ਖ਼ਾਸ ਮਿਹਰ ਸਮਝ ਰਹੇ ਹਨ।

ਮਾਲਕ ਮੁਤਾਬਕ, ਟਿਕਟ ਨੰਬਰ 50 77823 ‘ਤੇ ਇਹ ਵੱਡਾ ਇਨਾਮ ਲੱਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਤੋਂ ਪਹਿਲਾਂ ਵੀ ਵੱਡੇ ਇਨਾਮ ਨਿਕਲਦੇ ਰਹੇ ਹਨ, ਇਸੇ ਕਰਕੇ ਹਰ ਰੋਜ਼ ਦੂਰ–ਦੂਰ ਤੋਂ ਲੋਕ ਆ ਕੇ ਇਥੋਂ ਲਾਟਰੀ ਖਰੀਦ ਕੇ ਆਪਣੀ ਕਿਸਮਤ ਆਜ਼ਮਾ ਰਹੇ ਹਨ।