ਪੰਜਾਬ ਵਿੱਚ ਅੱਜ ਰਾਤ ਤੋਂ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਦੇ ਆਸਾਰ ਬਣ ਰਹੇ ਹਨ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 1 ਫਰਵਰੀ ਨੂੰ ਮੀਂਹ ਪੈ ਸਕਦਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਦੇ ਇਸ ਬਦਲਾਅ ਨੂੰ ਦੇਖਦੇ ਹੋਏ ਵਿਭਾਗ ਵੱਲੋਂ 1 ਫਰਵਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਮਾਹਿਰਾਂ ਅਨੁਸਾਰ ਮੀਂਹ ਤੋਂ ਬਾਅਦ ਪੰਜਾਬ ਵਿੱਚ ਠੰਢ ਹੋਰ ਤੇਜ਼ ਹੋ ਜਾਵੇਗੀ।
ਰਾਤਾਂ ਦੌਰਾਨ ਠੰਢ ਵਧੇਗੀ ਅਤੇ ਹਵਾਵਾਂ ਦੀ ਤੇਜ਼ੀ ਨਾਲ ਲੋਕਾਂ ਨੂੰ ਸਖ਼ਤ ਸਰਦੀ ਦਾ ਅਹਿਸਾਸ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 4 ਫਰਵਰੀ ਤੋਂ ਦਿਨ ਦੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋ ਸਕਦਾ ਹੈ। ਠੰਢੀ ਸਵੇਰ ਤੋਂ ਬਾਅਦ ਦਿਨ ਵੇਲੇ ਮੌਸਮ ਆਮ ਰਹਿਣ ਦੀ ਉਮੀਦ ਹੈ, ਹਾਲਾਂਕਿ ਸਵੇਰ ਸਮੇਂ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ।
5 ਫਰਵਰੀ ਨੂੰ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਘੱਟ ਪੈਣ ਨਾਲ ਬੱਦਲਾਂ ਵਿੱਚ ਕਮੀ ਆਵੇਗੀ ਅਤੇ ਧੁੱਪ ਵਧੇਗੀ। 6 ਫਰਵਰੀ ਨੂੰ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ, ਜਦਕਿ 7 ਫਰਵਰੀ ਤੱਕ ਮੌਸਮ ਸਾਫ਼ ਅਤੇ ਸੁੱਕਾ ਰਹੇਗਾ। ਦਿਨ ਦੌਰਾਨ ਤਾਪਮਾਨ ਆਮ ਨਾਲੋਂ ਕੁਝ ਵੱਧ ਰਹਿ ਸਕਦਾ ਹੈ, ਪਰ ਰਾਤਾਂ ਠੰਡੀਆਂ ਰਹਿਣਗੀਆਂ ਅਤੇ ਤੇਜ਼ ਹਵਾਵਾਂ ਕਾਰਨ ਠੰਢ ਦਾ ਅਸਰ ਜਾਰੀ ਰਹੇਗਾ।






