ਚੰਡੀਗੜ੍ਹ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ। ਸੂਬੇ ਭਰ ਦੇ ਸਰਕਾਰੀ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਵਾਈ ਗਈ ਮੈਗਾ ਮਾਪੇ-ਅਧਿਆਪਕ ਮਿਲਣੀ (PTM) ਵਿੱਚ ਇੱਕ ਹੀ ਦਿਨ ‘ਚ 18 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ। ਇਹ ਭਾਗੀਦਾਰੀ ਦੇਸ਼ ਦੇ ਸਭ ਤੋਂ ਵੱਡੇ ਸਕੂਲ-ਭਾਈਚਾਰਕ ਪ੍ਰੋਗਰਾਮਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।
ਇਸ ਮੌਕੇ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਜਲਦੀ ਹੀ “ਸਟੂਡੈਂਟ ਐਬਸੈਂਟ ਅਲਰਟ SMS ਸਿਸਟਮ” ਲਾਗੂ ਕੀਤਾ ਜਾਵੇਗਾ। ਇਸ ਰਾਹੀਂ ਮਾਪਿਆਂ ਨੂੰ ਬੱਚਿਆਂ ਦੀ ਗੈਰਹਾਜ਼ਰੀ ਬਾਰੇ ਤੁਰੰਤ ਜਾਣਕਾਰੀ ਮਿਲੇਗੀ, ਜਿਸ ਨਾਲ ਹਾਜ਼ਰੀ ਵਿੱਚ ਸੁਧਾਰ ਅਤੇ ਜਵਾਬਦੇਹੀ ਵਧੇਗੀ।
ਉਨ੍ਹਾਂ ਕਿਹਾ ਕਿ ਮੈਗਾ PTM ਸਿਰਫ ਰਿਪੋਰਟ ਕਾਰਡ ਤੱਕ ਸੀਮਿਤ ਨਹੀਂ ਸੀ, ਸਗੋਂ ਇਸ ਵਿੱਚ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ‘ਤੇ ਚਰਚਾ ਕੀਤੀ ਗਈ। ਸਕੂਲਾਂ ਵਿੱਚ ਪ੍ਰਦਰਸ਼ਨੀਆਂ ਰਾਹੀਂ ਬੱਚਿਆਂ ਦੀ ਪ੍ਰਗਤੀ ਦਰਸਾਈ ਗਈ ਅਤੇ ਕੁੜੀਆਂ ਦੀ ਸਿਹਤ ਲਈ HPV ਟੀਕਾਕਰਨ ਬਾਰੇ ਵੀ ਜਾਗਰੂਕਤਾ ਫੈਲਾਈ ਗਈ।
ਮੰਤਰੀ ਨੇ ਦੱਸਿਆ ਕਿ ਇਹ ਉਪਰਾਲਾ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਸਹਿਯੋਗ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਦੌਰਾਨ ਦਾਖਲਾ ਮੁਹਿੰਮ, ਮਿਸ਼ਨ ਸਮਰਥ ਅਤੇ ਹੁਨਰ ਸਿੱਖਿਆ ਵਰਗੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਸਰਕਾਰ ਦਾ ਮਕਸਦ ਸਿਰਫ ਢਾਂਚਾਗਤ ਵਿਕਾਸ ਨਹੀਂ, ਸਗੋਂ ਸਕੂਲਾਂ ਅਤੇ ਪਰਿਵਾਰਾਂ ਵਿੱਚ ਮਜ਼ਬੂਤ ਸਾਂਝ ਬਣਾਉਣਾ ਹੈ, ਤਾਂ ਜੋ ਹਰ ਬੱਚੇ ਨੂੰ ਵਧੀਆ ਸਿੱਖਿਆ ਮਿਲ ਸਕੇ। ਇਹ ਮੈਗਾ PTM ਸਿੱਖਿਆ ਖੇਤਰ ਵਿੱਚ ਸੁਧਾਰਾਂ ਅਤੇ ਭਾਈਚਾਰਕ ਭਾਗੀਦਾਰੀ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।






