ਪਾਤੜਾਂ-ਸੰਗਰੂਰ ਕੈਂਚੀਆਂ ਨੇੜੇ ਇੱਕ ਦਿਲ ਦਹਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇੱਕ ਤੇਜ਼ ਰਫ਼ਤਾਰ ਕੰਬਾਈਨ ਨੇ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਫਲਾਂ ਦੇ ਟੈਂਪੂ ਅਤੇ ਰੇਹੜੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਲੋਕਾਂ ਦੀ ਜਾਨ ਚਲੀ ਗਈ।
ਇਸ ਹਾਦਸੇ ਵਿੱਚ ਫਲ ਵੇਚਣ ਵਾਲੇ ਰਾਜਿੰਦਰ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸਦੇ ਨਾਲ ਹੀ ਬੱਸ ਦੀ ਉਡੀਕ ਕਰ ਰਹੀ ਇੱਕ ਨੌਜਵਾਨ ਲੜਕੀ ਵੀ ਗੰਭੀਰ ਜ਼ਖ਼ਮੀ ਹੋ ਗਈ ਸੀ, ਜਿਸ ਨੂੰ ਤੁਰੰਤ ਪਟਿਆਲਾ ਹਸਪਤਾਲ ਭੇਜਿਆ ਗਿਆ, ਪਰ ਉਹ ਉੱਥੇ ਇਲਾਜ ਦੌਰਾਨ ਦਮ ਤੋੜ ਗਈ।
ਅੱਖੀਂ ਦੇਖਣ ਵਾਲਿਆਂ ਦੇ ਅਨੁਸਾਰ ਕੰਬਾਈਨ ਚਾਲਕ ਨੇ ਵਾਹਨ ‘ਤੇ ਕਾਬੂ ਗੁਆ ਦਿੱਤਾ ਸੀ, ਜਿਸ ਕਾਰਨ ਇਹ ਭਿਆਨਕ ਟੱਕਰ ਵਾਪਰੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ ਅਤੇ ਫਲ ਸੜਕ ‘ਤੇ ਵਿਖਰ ਗਏ।
ਹਾਦਸੇ ਤੋਂ ਤੁਰੰਤ ਬਾਅਦ ਚਾਲਕ ਕੰਬਾਈਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕੰਬਾਈਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਸ਼ੀ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।




