ਲੁਧਿਆਣਾ ’ਚ ਦਰਦਨਾਕ ਸੜਕ ਹਾਦਸਾ, ਮਿੰਨੀ ਟਰੱਕ ਨੇ ਆਟੋ ਨੂੰ ਮਾਰੀ ਟੱਕਰ, ਔਰਤ ਸਮੇਤ 3 ਦੀ ਮੌਤ, 5 ਜ਼ਖ਼ਮੀ
ਲੁਧਿਆਣਾ ਦੇ ਲਾਡੋਵਾਲ ਥਾਣੇ ਅਧੀਨ ਆਉਂਦੇ ਮੁੱਲਾਂਪੁਰ ਰੋਡ ’ਤੇ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਮਿੰਨੀ ਟਰੱਕ ਅਤੇ ਆਟੋ-ਰਿਕਸ਼ਾ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ, ਜਦਕਿ ਇੱਕੋ ਪਰਿਵਾਰ ਦੇ ਪੰਜ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ। ਆਟੋ-ਰਿਕਸ਼ਾ ਚਾਲਕ ਜਸਬੀਰ ਸਿੰਘ (45) ਅੱਠ ਸਵਾਰੀਆਂ ਨੂੰ ਲੈ ਕੇ ਹਾਈਵੇਅ ਵੱਲ ਜਾ ਰਿਹਾ ਸੀ। ਜਦੋਂ ਆਟੋ ਮੁੱਲਾਂਪੁਰ ਰੋਡ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਮਿੰਨੀ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਆਟੋ-ਰਿਕਸ਼ਾ ਵਿੱਚ ਸਵਾਰ ਤਿੰਨ ਵਿਅਕਤੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਆਟੋ ਚਾਲਕ ਜਸਬੀਰ ਸਿੰਘ, 65 ਸਾਲਾ ਸੁਰਿੰਦਰ ਕੌਰ ਅਤੇ ਕਰੀਬ 45 ਸਾਲਾ ਇੱਕ ਪਰਵਾਸੀ ਮਜ਼ਦੂਰ ਵਜੋਂ ਹੋਈ ਹੈ।
ਇੱਕੋ ਪਰਿਵਾਰ ਦੇ ਪੰਜ ਜੀਅ ਗੰਭੀਰ ਜ਼ਖ਼ਮੀ
ਇਸ ਹਾਦਸੇ ਵਿੱਚ ਆਟੋ-ਰਿਕਸ਼ਾ ਵਿੱਚ ਸਵਾਰ ਇੱਕੋ ਪਰਿਵਾਰ ਦੇ ਪੰਜ ਮੈਂਬਰ ਵੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸ ਸਬੰਧੀ ਲਾਡੋਵਾਲ ਦੇ ਐੱਸਐੱਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।








