ਪੰਜਾਬ ‘ਚ ਦਿਨ ਦੇ ਵੇਲੇ ਵੀ ਛਾ ਗਿਆ ਹਨੇਰਾ! ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ Alert

 

 

 

 

ਪੰਜਾਬ ਵਿੱਚ ਅੱਜ ਸਵੇਰੇ ਸੰਘਣੇ ਬੱਦਲਾਂ ਕਰਕੇ ਅੰਧਕਾਰ ਛਾ ਗਿਆ। ਅੱਧੀ ਰਾਤ ਤੋਂ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਸੜਕਾਂ ‘ਤੇ ਪਾਣੀ ਖਲੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਸਵੇਰ ਦੇ ਸਮੇਂ ਆਪਣੇ ਕੰਮਕਾਜ ਵਾਲੀਆਂ ਥਾਵਾਂ ‘ਤੇ ਪਹੁੰਚਣ ਵਿੱਚ ਕਾਫ਼ੀ ਮੁਸ਼ਕਲ ਆ ਰਹੀ ਹੈ। ਖ਼ਰਾਬ ਮੌਸਮ ਦੇ ਬਾਵਜੂਦ ਬਹੁਤ ਸਾਰੇ ਸਕੂਲੀ ਬੱਚੇ ਵੀ ਸਕੂਲਾਂ ਵੱਲ ਜਾਂਦੇ ਵੇਖੇ ਗਏ।

ਮੌਸਮ ਵਿਭਾਗ ਨੇ ਪੰਜਾਬ ਦੇ 12 ਜ਼ਿਲ੍ਹਿਆਂ ਲਈ ਤੇਜ਼ ਹਵਾਵਾਂ, ਬਾਰਿਸ਼ ਅਤੇ ਅਸਮਾਨੀ ਬਿਜਲੀ ਦੇ ਖਤਰੇ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਨਵੀਂ ਅਲਰਟ ਰਿਪੋਰਟ ਅਨੁਸਾਰ ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਅਤੇ ਲੁਧਿਆਣਾ ਵਿੱਚ ਮੱਧਮ ਤੋਂ ਤੇਜ਼ ਬਾਰਿਸ਼, ਅਸਮਾਨੀ ਬਿਜਲੀ ਅਤੇ 30 ਤੋਂ 40 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਜਾਰੀ ਰਹੇਗੀ। 5 ਜੁਲਾਈ ਤੋਂ ਬਾਰਿਸ਼ ਹੋਰ ਵਧਣ ਦੀ ਸੰਭਾਵਨਾ ਹੈ। ਇਸ ਲਗਾਤਾਰ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਓਥੇ ਹੀ ਦਿਨਚਰਿਆ ਵਿੱਚ ਰੁਕਾਵਟਾਂ ਵੀ ਪੈ ਰਹੀਆਂ ਹਨ।