ਪੰਜਾਬ ‘ਚ ਜਾਰੀ ਰਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ‘ਚ ਗਰਜ-ਚਮਕ ਸਣੇ ਗੜ੍ਹੇਮਾਰੀ ਦੀ ਚੇਤਾਵਨੀ

ਪੰਜਾਬ ਦੇ ਮੌਸਮ ਵਿੱਚ ਆਏ ਅਚਾਨਕ ਬਦਲਾਅ ਨੇ ਇੱਕ ਵਾਰ ਫਿਰ ਲੋਕਾਂ ਨੂੰ ਠੰਡ ਨਾਲ ਕੰਬਣ ਲਈ ਮਜਬੂਰ ਕਰ ਦਿੱਤਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਸਰ ਜਾਰੀ ਹੈ, ਜਿਸ ਕਾਰਨ ਸਵੇਰੇ ਅਤੇ ਸ਼ਾਮ ਦੇ ਵੇਲੇ ਕੜਾਕੇ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਇਸੇ ਵਿਚਕਾਰ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ 28 ਜਨਵਰੀ ਨੂੰ ਮੁੜ ਮੌਸਮ ਖਰਾਬ ਹੋਣ ਦੇ ਆਸਾਰ ਜਤਾਏ ਗਏ ਹਨ।

ਮੌਸਮ ਵਿਭਾਗ ਨੇ 28 ਤੋਂ 31 ਜਨਵਰੀ ਤੱਕ ਦੀ ਭਵਿੱਖਬਾਣੀ ਜਾਰੀ ਕਰਦਿਆਂ ਦੱਸਿਆ ਹੈ ਕਿ ਪਟਿਆਲਾ, ਮੋਹਾਲੀ (ਐਸਏਐਸ ਨਗਰ), ਫਤਹਿਗੜ੍ਹ ਸਾਹਿਬ, ਲੁਧਿਆਣਾ, ਚੰਡੀਗੜ੍ਹ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਦਰਮਿਆਨੇ ਦਰਜੇ ਦੇ ਤੂਫਾਨ ਆ ਸਕਦੇ ਹਨ। ਇਸ ਦੌਰਾਨ ਹਵਾਵਾਂ ਦੀ ਗਤੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਬਿਜਲੀ ਚਮਕਣ ਅਤੇ ਕੁਝ ਥਾਵਾਂ ‘ਤੇ ਗੜੇ ਪੈਣ ਦੇ ਵੀ ਆਸਾਰ ਬਣ ਰਹੇ ਹਨ।

31 ਜਨਵਰੀ ਨੂੰ ਮੁੜ ਮੌਸਮੀ ਤਬਦੀਲੀ

ਮੌਸਮ ਵਿਭਾਗ ਮੁਤਾਬਕ 28 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸੁੱਕਾ ਰਹਿਣ ਦੀ ਉਮੀਦ ਹੈ, ਪਰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਦੇ ਕੁਝ ਇਲਾਕਿਆਂ ਵਿੱਚ ਹਲਕੀ ਵਰਖਾ ਹੋ ਸਕਦੀ ਹੈ। ਇਸ ਤੋਂ ਇਲਾਵਾ 29 ਅਤੇ 30 ਜਨਵਰੀ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਅਤੇ ਸੁੱਕਾ ਰਹਿਣ ਦੀ ਪੇਸ਼ਗੋਈ ਕੀਤੀ ਗਈ ਹੈ ਅਤੇ ਮੀਂਹ ਦੀ ਕੋਈ ਵੱਡੀ ਸੰਭਾਵਨਾ ਨਹੀਂ ਹੈ।

ਹਾਲਾਂਕਿ 31 ਜਨਵਰੀ ਨੂੰ ਇੱਕ ਵਾਰ ਫਿਰ ਉੱਤਰੀ ਅਤੇ ਪੂਰਬੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਸਮ ਰੁੱਖ ਬਦਲ ਸਕਦਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸੁੱਕਾ ਬਣਿਆ ਰਹੇਗਾ।