ਪੰਜਾਬ ਚ ਇਥੇ ਧਰਨਾਕਾਰੀ ਕਿਸਾਨ ਨੂੰ ਇਸ ਤਰਾਂ ਮਿਲੀ ਦਰਦਨਾਕ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਵੱਖ ਵੱਖ ਥਾਵਾਂ ਉੱਪਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੀਆਂ ਕਈ ਕਿਰਤੀ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੀ ਵਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਇਸ ਧਰਨੇ ਪ੍ਰਦਰਸ਼ਨ ਦੌਰਾਨ ਹੋਈ ਇੱਕ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਛਾ ਗਿਆ।

ਇਹ ਘਟਨਾ ਸੂਬੇ ਦੇ ਬਠਿੰਡਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਜਿੱਥੇ ਧਰਨੇ ਵਿੱਚ ਸ਼ਾਮਲ ਹੋਣ ਆਏ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਬੀਤੇ ਕਈ ਦਿਨਾਂ ਤੋਂ ਇੱਥੋਂ ਦੇ ਸਥਾਨਕ ਕੌਮੀ ਮਾਰਗ ਉਪਰ ਪੈਂਦੇ ਬੈਸਟ ਪ੍ਰਾਈਸ ਮਾਲ ਅੱਗੇ ਧਰਨਾ ਲਗਾਇਆ ਜਾ ਰਿਹਾ ਸੀ। ਭੁੱਚੋ ਮੰਡੀ ਵਿੱਚ ਲਗਾਏ ਜਾ ਰਹੇ ਇਸ ਧਰਨੇ ਵਿੱਚ ਬਹੁਤ ਸਾਰੇ ਕਿਸਾਨ, ਕਿਰਤੀ, ਮਜ਼ਦੂਰ ਸ਼ਾਮਲ ਹੋਣ ਲਈ ਆਉਂਦੇ ਸਨ।

ਪਰ ਅੱਜ ਤੋਂ ਦੋ ਦਿਨ ਪਹਿਲਾਂ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਤੇਜਾ ਸਿੰਘ ਦੇ ਟਰਾਲੀ ਵਿੱਚੋਂ ਉਤਰਨ ਸਮੇਂ ਡਿੱਗਣ ਕਾਰਨ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਤੇਜਾ ਸਿੰਘ ਬੀਤੇ ਕਈ ਦਿਨਾਂ ਤੋਂ ਲਗਾਤਾਰ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਬੀਤੀ 9 ਨਵੰਬਰ ਨੂੰ ਤੇਜਾ ਸਿੰਘ ਟਰਾਲੀ ਵਿੱਚ ਸਵਾਰ ਹੋ ਕੇ ਆ ਰਿਹਾ ਸੀ ਤਾਂ ਉਸ ਦਾ ਪੈਰ ਸੌਂ ਗਿਆ ਸੀ।

ਧਰਨੇ ਵਾਲੀ ਜਗ੍ਹਾ ਉਤੇ ਪਹੁੰਚ ਕੇ ਜਿਵੇਂ ਹੀ ਤੇਜਾ ਸਿੰਘ ਉਤਰਨ ਲੱਗਿਆ ਤਾਂ ਪੈਰ ਉਪਰ ਭਾਰ ਨਾ ਆਉਣ ਕਰਕੇ ਉਹ ਟਰਾਲੀ ਤੋਂ ਸਿੱਧਾ ਸੜਕ ਉਪਰ ਸਿਰ ਭਾਰ ਡਿੱਗ ਗਿਆ। ਜਿਸ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟ ਵੱਜ ਗਈ। ਧਰਨੇ ‘ਤੇ ਮੌਜੂਦ ਲੋਕਾਂ ਨੇ ਤੇਜਾ ਸਿੰਘ ਨੂੰ ਤੁਰੰਤ ਭੁੱਚੋ ਮੰਡੀ ਦੇ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਉਸ ਦੀ ਹਾਲਤ ਗੰਭੀਰ ਹੁੰਦੇ ਦੇਖ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।

ਡਾਕਟਰਾਂ ਨੇ ਉਸ ਦਾ ਚੈੱਕਅਪ ਕਰਨ ਤੋਂ ਬਾਅਦ ਦਵਾਈ ਦੇ ਕੇ ਸਿਰ ਦੀ ਐਮਆਰਆਈ ਕਰਵਾਉਣ ਦੀ ਗੱਲ ਆਖੀ। ਪਰ ਪਰਿਵਾਰਕ ਮੈਂਬਰ ਉਸ ਨੂੰ ਘਰ ਲੈ ਆਏ ਅਤੇ ਅੱਜ ਉਸ ਦੀ ਐਮਆਰਆਈ ਕਰਵਾਉਣੀ ਸੀ ਪਰ ਦਿਨ ਚੜ੍ਹਦੇ ਹੀ ਤੇਜਾ ਸਿੰਘ ਦੀ ਮੌਤ ਹੋ ਗਈ। ਧਰਨੇ ਵਿੱਚ ਸ਼ਾਮਲ ਹੋਣ ਵਾਲੇ ਤੇਜਾ ਸਿੰਘ ਦੀ ਮੌਤ ਨੂੰ ਲੈ ਕੇ ਕਿਸਾਨ ਆਗੂ ਸੰਤੋਖ ਸਿੰਘ, ਬਲਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਨਾਲ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।