ਪੰਜਾਬ ”ਚ 1 ਅਗਸਤ ਨੂੰ ਲੈ ਕੇ ਵੱਡਾ ਐਲਾਨ, ਵਿਦਿਆਰਥੀ ਧਿਆਨ ਨਾਲ ਪੜ੍ਹ ਲੈਣ ਖਬਰ

ਚੰਡੀਗੜ੍ਹ: ਪੰਜਾਬ ਵਿੱਚ 1 ਅਗਸਤ ਤੋਂ ਸਰਕਾਰੀ ਸਕੂਲਾਂ ਵਿੱਚ ਨਸ਼ਿਆਂ ਵਿਰੁੱਧ ਵਿਸ਼ਾ ਪੜ੍ਹਾਇਆ ਜਾਣਾ ਸ਼ੁਰੂ ਹੋਵੇਗਾ। ਇਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰਕੇ ਪਿਛਲੀਆਂ ਸਰਕਾਰਾਂ ਨੂੰ ਨਸ਼ੇ ਦੀ ਭਿਆਨਕ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਤੀਜਾ ਚਰਨ ਹੁਣ ਕਲਾਸਰੂਮਾਂ ਵਿਚ ਲਾਗੂ ਹੋਵੇਗਾ, ਜੋ ਕਿ ਬਹੁਤ ਹੀ ਅਹੰਕਾਰਯੋਗ ਪਗ ਹੈ।

ਮੰਤਰੀ ਨੇ ਦੱਸਿਆ ਕਿ ਨੌਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਨਸ਼ਾ ਮੁਕਤੀ ਸੰਬੰਧੀ ਪਾਠ ਤਿਆਰ ਕੀਤਾ ਗਿਆ ਹੈ। ਇਹ ਕੋਰਸ ਕੁੱਲ 28 ਹਫ਼ਤਿਆਂ ਲਈ ਹੋਵੇਗਾ, ਜਿਸ ਤਹਿਤ ਹਰ ਪੰਦਰਵੇਂ ਦਿਨ ਇੱਕ ਘੰਟੇ ਦੀ ਕਲਾਸ ਲਾਈ ਜਾਵੇਗੀ। ਇਸ ਪਾਠ ਵਿੱਚ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਵਾਲੀਆਂ ਵੀਡੀਓਜ਼ ਵੀ ਦਿਖਾਈਆਂ ਜਾਣਗੀਆਂ।

ਇਸ ਲਈ 3600 ਸਕੂਲਾਂ ਦੇ ਲਗਭਗ 9000 ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਮੁਹਿੰਮ ਦੀ ਸ਼ੁਰੂਆਤ 1 ਅਗਸਤ ਨੂੰ ਅਰਨੀਵਾਲਾ ਵਿਖੇ ਸਥਿਤ ਸਕੂਲ ਆਫ ਐਮੀਨੈਂਸ ਤੋਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਹ ਸਾਰੇ ਸਰਕਾਰੀ ਸਕੂਲਾਂ ਵਿੱਚ ਲਾਗੂ ਹੋਵੇਗੀ।

ਮੰਤਰੀ ਨੇ ਕਿਹਾ ਕਿ ਇਸ ਯਤਨ ਦਾ ਮੁੱਖ ਮਕਸਦ ਭਵਿੱਖ ਦੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਸਰਕਾਰ ਦੇ ਹੁਕਮਾਂ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਤਿੱਖੀ ਕਾਰਵਾਈ ਕੀਤੀ ਗਈ ਹੈ, ਜਿਸ ਰਾਹੀਂ 23 ਹਜ਼ਾਰ ਤਸਕਰ ਗ੍ਰਿਫਤਾਰ ਹੋਏ, ਉਨ੍ਹਾਂ ਦੀ ਜਾਇਦਾਦ ਜਬਤ ਕੀਤੀ ਗਈ, ਅਤੇ 1000 ਕਿਲੋ ਤੋਂ ਵੱਧ ਹੈਰੋਇਨ ਫੜੀ ਗਈ। ਨਸ਼ਾ ਛੁਡਾਊ ਕੇਂਦਰ ਵੀ ਸਥਾਪਤ ਕੀਤੇ ਗਏ ਹਨ, ਜਿੱਥੇ ਨੌਜਵਾਨਾਂ ਦਾ ਇਲਾਜ ਢੰਗ ਨਾਲ ਕੀਤਾ ਜਾ ਰਿਹਾ ਹੈ।