ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ’ਚ ਚਰਚਾ ਦਾ ਮਾਹੌਲ ਬਣ ਗਿਆ ਹੈ। ਮਾਛੀਵਾੜਾ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਤੜਕੇ ਸਵੇਰੇ ਲਗਭਗ 4 ਵਜੇ ਸ਼ੱਕੀ ਵਿਅਕਤੀਆਂ ਦੇ ਘਰਾਂ ’ਚ ਛਾਪੇਮਾਰੀ ਕਰਦਿਆਂ ਕਈ ਲੋਕਾਂ ਨੂੰ ਹਿਰਾਸਤ ’ਚ ਲਿਆ। ਇਸ ਕਾਰਵਾਈ ਦੌਰਾਨ 4 ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਇਕ ਪੰਜਾਬੀ ਗਾਇਕਾ ਅਤੇ ਉਸ ਦੇ ਭਰਾ ਨੂੰ ਵੀ ਕਾਬੂ ਕੀਤਾ ਹੈ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਐੱਸ.ਪੀ. ਦਰਪਣ ਆਹਲੂਵਾਲੀਆ ਦੇ ਹੁਕਮਾਂ ਅਨੁਸਾਰ ਪੁਲਿਸ ਵੱਲੋਂ ਇਲਾਕੇ ਦੇ 22 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੁੱਲ 13 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਕੁਹਾੜਾ ਰੋਡ ਅਢਿਆਣਾ ਬੱਸ ਸਟੈਂਡ ਨੇੜੇ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੇ ਇਕ ਮੋਨਾ ਨੌਜਵਾਨ ਅਤੇ ਇਕ ਔਰਤ ਨੂੰ ਆਪਸ ’ਚ ਗੱਲਾਂ ਕਰਦੇ ਦੇਖਿਆ। ਪੁਲਿਸ ਨੂੰ ਦੇਖ ਕੇ ਦੋਵੇਂ ਘਬਰਾ ਗਏ ਅਤੇ ਬੱਸ ਸਟੈਂਡ ਅੰਦਰ ਜਾ ਕੇ ਬੈਠ ਗਏ। ਇਸ ਦੌਰਾਨ ਨੌਜਵਾਨ ਨੇ ਆਪਣੀ ਪੈਂਟ ’ਚੋਂ ਇਕ ਮੋਮੀ ਲਿਫਾਫਾ ਔਰਤ ਦੇ ਹੱਥ ’ਚ ਫੜਾਇਆ, ਜਿਸਨੂੰ ਉਸ ਨੇ ਪਿੱਛੇ ਸੁੱਟ ਦਿੱਤਾ।
ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਨੌਜਵਾਨ ਨੇ ਆਪਣਾ ਨਾਮ ਸਰਵਣ ਸਿੰਘ ਅਤੇ ਔਰਤ ਨੇ ਪਰਮਜੀਤ ਕੌਰ ਦੱਸਿਆ। ਪੁਲਿਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਭੈਣ-ਭਰਾ ਪਿੰਡ ਰਹੀਮਾਬਾਦ ਖੁਰਦ ਦੇ ਵਸਨੀਕ ਦੱਸੇ ਜਾ ਰਹੇ ਹਨ।
ਪੁਲਿਸ ਨੇ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰਮਜੀਤ ਕੌਰ ਪਿਛਲੇ ਸਮੇਂ ਦੌਰਾਨ ਪੰਜਾਬੀ ਗਾਇਕਾ ਰਹੀ ਹੈ ਅਤੇ ਉਸ ਦੇ ਕਈ ਸੱਭਿਆਚਾਰਕ ਤੇ ਧਾਰਮਿਕ ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਪੁਲਿਸ ਮੁਤਾਬਕ ਪਰਮਜੀਤ ਕੌਰ, ਉਸ ਦੇ ਭਰਾ ਸਰਵਣ ਸਿੰਘ ਅਤੇ ਭੈਣ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
ਇਸ ਤੋਂ ਇਲਾਵਾ ਇਕ ਹੋਰ ਮਾਮਲੇ ’ਚ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਹੈ। ਬਾਕੀ 9 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਲੰਦਰੇ ਤਿਆਰ ਕਰਕੇ ਉਨ੍ਹਾਂ ਨੂੰ ਐੱਸ.ਡੀ.ਐੱਮ. ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।






