ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬਾਠ ਨੇੜੇ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਅਤੇ ਤਰਨ ਤਾਰਨ ਪੁਲੀਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ, ਜਦਕਿ ਉਸ ਦਾ ਇੱਕ ਸਾਥੀ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਮੁਰਾਦਪੁਰ ਵਾਸੀ ਕਸ਼ਮੀਰ ਸਿੰਘ ਉਰਫ਼ ਪੂੰਗੀ ਵਜੋਂ ਹੋਈ ਹੈ, ਜਦਕਿ ਨੌਰੰਗਾਬਾਦ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲੀਸ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਪੂੰਗੀ ਆਪਣੇ ਸਾਥੀਆਂ ਸਮੇਤ ਪਿੰਡ ਨੇੜੇ ਖੇਤਾਂ ਵਿੱਚ ਬਣੇ ਇੱਕ ਇਕਾਂਤ ਟਿਕਾਣੇ ’ਤੇ ਮੌਜੂਦ ਹੈ। ਇਸ ਸੂਚਨਾ ਦੇ ਆਧਾਰ ’ਤੇ ਏ.ਜੀ.ਟੀ.ਐੱਫ. ਅਤੇ ਤਰਨ ਤਾਰਨ ਪੁਲੀਸ ਦੀ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਪੁਲੀਸ ਮੁਤਾਬਕ ਜਦੋਂ ਟੀਮ ਨੇ ਮੁਲਜ਼ਮਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਵੱਲੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਹੋਈ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਕਸ਼ਮੀਰ ਸਿੰਘ ਉਰਫ਼ ਪੂੰਗੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਘਟਨਾ ਸਥਾਨ ਤੋਂ ਪੁਲੀਸ ਨੇ ਇੱਕ .30 ਬੋਰ ਪਿਸਤੌਲ ਅਤੇ ਇੱਕ ਜ਼ਿਗਾਨਾ ਪਿਸਤੌਲ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਪੂੰਗੀ ਦਾ ਨਾਮ ਐੱਨ.ਡੀ.ਪੀ.ਐੱਸ. ਐਕਟ ਅਤੇ ਅਸਲਾ ਐਕਟ ਤਹਿਤ ਦਰਜ ਕਈ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਸੀ। ਉਹ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਤੇ ਨਸ਼ਾ ਤਸਕਰ ਹੈਪੀ ਜੱਟ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਸੀ।
ਪੁਲੀਸ ਰਿਕਾਰਡ ਮੁਤਾਬਕ ਪੂੰਗੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਕਈ ਕੇਸ ਦਰਜ ਸਨ। ਹਾਲ ਹੀ ਵਿੱਚ ਉਸ ਅਤੇ ਉਸ ਦੇ ਸਾਥੀਆਂ ’ਤੇ ਇੱਕ ਪੁਲੀਸ ਟੀਮ ’ਤੇ ਹਮਲਾ ਕਰਨ ਦੇ ਦੋਸ਼ ਵੀ ਸਨ। ਇਸ ਘਟਨਾ ਦੌਰਾਨ ਇੱਕ ਪੁਲੀਸ ਅਧਿਕਾਰੀ ਜ਼ਖ਼ਮੀ ਹੋਇਆ ਸੀ, ਜਦਕਿ ਤਿੰਨ ਸਾਲਾ ਬੱਚੀ ਵੀ ਗੋਲੀਬਾਰੀ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਈ ਸੀ।
ਉਸ ਮਾਮਲੇ ਵਿੱਚ ਥਾਣਾ ਸਿਟੀ ਤਰਨ ਤਾਰਨ ਵਿਖੇ ਭਾਰਤੀ ਨਿਆਂ ਸੰਹਿਤਾ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਅੱਜ ਹੋਏ ਮੁਕਾਬਲੇ ਸਬੰਧੀ ਵੀ ਵੱਖਰਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।







