ਪਿਆਜ਼ ਦੀਆਂ ਕੀਮਤਾਂ ’ਚ ਨਹੀਂ ਆਈ ਕਮੀ, 60 ਰੁਪਏ ਪ੍ਰਤੀ ਕਿੱਲੋ ’ਤੇ ਕਾਇਮ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਬਫਰ ਸਟਾਕ ਵਿੱਚੋਂ 35 ਰੁਪਏ ਪ੍ਰਤੀ ਕਿਲੋ ਦੇ ਰਿਆਇਤੀ ਭਾਅ ’ਤੇ ਪਿਆਜ਼ ਮੁਹੱਈਆ ਕਰਵਾਉਣ ਦੇ ਯਤਨਾਂ ਦੇ ਬਾਵਜੂਦ ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ ਵਿੱਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਹਾਲੇ ਵੀ ਉੱਚੀਆਂ ਬਣੀਆਂ ਹੋਈਆਂ ਹਨ। ਮੰਗਲਵਾਰ ਨੂੰ ਵੱਖ-ਵੱਖ ਵੱਡੇ ਸ਼ਹਿਰਾਂ ਵਿੱਚ ਪਿਆਜ਼ ਦਾ ਭਾਅ 53 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਦਰਜ ਕੀਤਾ ਗਿਆ।

ਚੰਡੀਗੜ੍ਹ, ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਪਿਆਜ਼ ਕਰੀਬ 60 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਵਿਕ ਰਿਹਾ ਹੈ। ਇਸ ਕਾਰਨ ਖਪਤਕਾਰਾਂ ਵਿੱਚ ਸਵਾਲ ਉੱਠ ਰਹੇ ਹਨ ਕਿ ਸਰਕਾਰ ਵੱਲੋਂ ਸਸਤੇ ਪਿਆਜ਼ ਦੀ ਵਿਕਰੀ ਦੇ ਐਲਾਨ ਦੇ ਬਾਵਜੂਦ ਆਮ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਕਿਉਂ ਨਹੀਂ ਮਿਲ ਰਿਹਾ।

ਖਪਤਕਾਰ ਮਾਮਲੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 53 ਰੁਪਏ ਪ੍ਰਤੀ ਕਿਲੋ ਰਹੀ, ਜਦਕਿ ਮੁੰਬਈ ਵਿੱਚ 58 ਰੁਪਏ ਅਤੇ ਕੋਲਕਾਤਾ ਤੇ ਚੇਨਈ ਵਿੱਚ ਇਹ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। 22 ਸਤੰਬਰ ਨੂੰ ਦੇਸ਼ ਭਰ ਵਿੱਚ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 54.2 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਘੱਟੋ-ਘੱਟ ਭਾਅ 29 ਰੁਪਏ ਅਤੇ ਵੱਧ ਤੋਂ ਵੱਧ 100 ਰੁਪਏ ਪ੍ਰਤੀ ਕਿਲੋ ਤੱਕ ਵੀ ਦਰਜ ਕੀਤਾ ਗਿਆ।

ਹਾਲਾਂਕਿ ਨਿੱਜੀ ਵਪਾਰਕ ਅੰਕੜਿਆਂ ਮੁਤਾਬਕ ਕਈ ਥਾਵਾਂ ’ਤੇ ਅਸਲ ਬਾਜ਼ਾਰ ਭਾਅ ਸਰਕਾਰੀ ਅੰਕੜਿਆਂ ਨਾਲੋਂ ਵੱਧ ਰਹੇ। ਦਿੱਲੀ ਵਿੱਚ ਪਿਆਜ਼ ਦੀ ਗੁਣਵੱਤਾ ਅਤੇ ਇਲਾਕੇ ਦੇ ਹਿਸਾਬ ਨਾਲ ਕੀਮਤ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਦੱਸੀ ਗਈ।

ਸਸਤਾ ਪਿਆਜ਼ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਯਤਨ

ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਦਿੱਲੀ ਸਮੇਤ ਦੇਸ਼ ਦੇ 50 ਤੋਂ ਵੱਧ ਸ਼ਹਿਰਾਂ ਵਿੱਚ ਬਫਰ ਸਟਾਕ ਵਿੱਚੋਂ ਰਿਆਇਤੀ ਦਰਾਂ ’ਤੇ ਪਿਆਜ਼ ਵੇਚਿਆ ਜਾ ਰਿਹਾ ਹੈ। ਸਰਕਾਰ ਦੀਆਂ ਨੋਡਲ ਏਜੰਸੀਆਂ ਐਨਸੀਸੀਐਫ (NCCF) ਅਤੇ ਨੈਫੇਡ (NAFED) ਕੋਲ 2026 ਲਈ ਲਗਭਗ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਮੌਜੂਦ ਹੈ।

ਕੀਮਤਾਂ ’ਤੇ ਕਾਬੂ ਪਾਉਣ ਲਈ ਉਤਪਾਦਕ ਰਾਜਾਂ ਤੋਂ ਪਿਆਜ਼ ਨੂੰ ‘ਕਾਂਦਾ ਐਕਸਪ੍ਰੈੱਸ’ ਰੇਲਗੱਡੀ ਤੋਂ ਇਲਾਵਾ ਸੜਕੀ ਮਾਰਗ ਰਾਹੀਂ ਵੀ ਦੇਸ਼ ਦੇ ਵੱਖ-ਵੱਖ ਖਪਤਕਾਰ ਕੇਂਦਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸਰਕਾਰ ਦਾ ਉਦੇਸ਼ ਬਾਜ਼ਾਰ ਵਿੱਚ ਪਿਆਜ਼ ਦੀ ਸਪਲਾਈ ਵਧਾ ਕੇ ਕੀਮਤਾਂ ਨੂੰ ਕਾਬੂ ਵਿੱਚ ਲਿਆਉਣਾ ਹੈ।