Nepal Flash Flood: ਤਿੱਬਤ ਵੱਲੋਂ ਆਏ ਅਚਾਨਕ ਤੇ ਭਾਰੀ ਹੜ੍ਹ ਨੇ ਨੇਪਾਲ ਦੇ ਰਸੁਵਾ ਜ਼ਿਲ੍ਹੇ ਵਿੱਚ ਵੱਡੀ ਤਬਾਹੀ ਮਚਾਈ ਹੈ। ਲੇਂਡੇ ਖੋਲਾ (ਭੋਟੇ ਕੋਸ਼ੀ ਨਦੀ) ਵਿੱਚ ਆਏ ਤੇਜ਼ ਹੜ੍ਹ ਕਾਰਨ ਰਸੁਵਾ ਸਰਹੱਦੀ ਇਲਾਕੇ ਦੇ ਤਿਮੁਰੇ ਬਾਜ਼ਾਰ ਅਤੇ ਕਸਟਮ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪਾਣੀ ਦੇ ਜ਼ੋਰਦਾਰ ਵਹਾਅ ਨਾਲ ਕਈ ਵਾਹਨ ਅਤੇ ਵਪਾਰਕ ਸਾਮਾਨ ਰੁੜ੍ਹ ਗਿਆ ਹੈ।
ਅਧਿਕਾਰੀਆਂ ਮੁਤਾਬਕ ਤਿਮੁਰੇ ਅਤੇ ਇਸ ਦੇ ਆਸ-ਪਾਸ ਦੇ ਬਾਜ਼ਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕਸਟਮ ਖੇਤਰ ਵਿੱਚ ਖੜ੍ਹੇ ਕਈ ਟਰੱਕ, ਗੱਡੀਆਂ ਅਤੇ ਹੋਰ ਸਮਾਨ ਹੜ੍ਹ ਦੀ ਲਪੇਟ ਵਿੱਚ ਆ ਗਏ। ਇੱਥੇ ਹਾਲ ਹੀ ਵਿੱਚ ਬਣਾਇਆ ਗਿਆ ਇੱਕ ਨਵਾਂ ਪੁਲ ਵੀ ਪਾਣੀ ਦੇ ਤੇਜ਼ ਵਹਾਅ ਨੂੰ ਸਹਾਰ ਨਾ ਸਕਿਆ ਅਤੇ ਵਹਿ ਗਿਆ। ਇਹ ਪੁਲ ਉਸ ਥਾਂ ਬਣਾਇਆ ਗਿਆ ਸੀ ਜਿੱਥੇ ਪਿਛਲੇ ਸਾਲ ਹੜ੍ਹ ਕਾਰਨ ਪੁਰਾਣਾ ਪੁਲ ਨੁਕਸਾਨਿਆ ਗਿਆ ਸੀ।
ਜ਼ਿਲ੍ਹਾ ਪੁਲਿਸ ਦੇ ਅਨੁਸਾਰ ਸਵੇਰੇ ਕਰੀਬ 9 ਵਜੇ ਤਿਮੁਰੇ ਬਾਜ਼ਾਰ ਨੂੰ ਅਚਾਨਕ ਹੜ੍ਹ ਨੇ ਆਪਣੀ ਚਪੇਟ ਵਿੱਚ ਲੈ ਲਿਆ। ਰਸੁਵਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨਰਿੰਦਰ ਪਰਿਆਰ ਨੇ ਦੱਸਿਆ ਕਿ ਕਈ ਪਣ-ਬਿਜਲੀ ਪ੍ਰੋਜੈਕਟਾਂ ਨੂੰ ਵੀ ਨੁਕਸਾਨ ਪਹੁੰਚਣ ਦੀਆਂ ਸੂਚਨਾਵਾਂ ਮਿਲੀਆਂ ਹਨ, ਜਦਕਿ ਹੜ੍ਹ ਦਾ ਪਾਣੀ ਹੇਠਲੇ ਇਲਾਕਿਆਂ ਦੀਆਂ ਬਸਤੀਆਂ ਵਿੱਚ ਦਾਖਲ ਹੋ ਗਿਆ ਹੈ।
ਹੜ੍ਹ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਰਹੱਦੀ ਅਤੇ ਬਾਜ਼ਾਰ ਖੇਤਰਾਂ ਵਿੱਚ ਖੜ੍ਹੇ ਕਈ ਵਾਹਨ ਪਾਣੀ ਨਾਲ ਰੁੜ੍ਹ ਗਏ। ਸਥਾਨਕ ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਦਕਿ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।







