ਨੇਪਾਲ ਦੀ ਭਾਰਤ ਤੇ ਚੀਨ ਨੂੰ ਅਪੀਲ, ਆਰਜ਼ੀ ਪੁਲ ਬਣਾਉਣ ਲਈ ਸਹਾਇਤਾ ਮੰਗੀ

Nepal Floods: ਹੜ੍ਹਾਂ ਨਾਲ ਟੁੱਟੇ ਸੜਕੀ ਸੰਪਰਕ ਬਹਾਲ ਕਰਨ ਲਈ ਭਾਰਤ ਤੇ ਚੀਨ ਤੋਂ ਆਰਜ਼ੀ ਪੁਲਾਂ ਦੀ ਮਦਦ

ਕਾਠਮੰਡੂ: ਤਬਾਹਕੁਨ ਹੜ੍ਹਾਂ ਅਤੇ ਭੂ-ਖਿਸਕਣ ਕਾਰਨ ਪ੍ਰਭਾਵਿਤ ਨੇਪਾਲ ਵਿੱਚ ਸਰਕਾਰ ਨੇ ਟੁੱਟੇ ਸੜਕੀ ਸੰਪਰਕ ਮੁੜ ਬਹਾਲ ਕਰਨ ਲਈ ਭਾਰਤ ਅਤੇ ਚੀਨ ਤੋਂ ਆਰਜ਼ੀ ਪੁਲ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ। ਸਰਹੱਦੀ ਅਤੇ ਪਹਾੜੀ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਮੁੜ ਮੁੱਖ ਇਲਾਕਿਆਂ ਨਾਲ ਜੋੜਨ ਲਈ ਇਨ੍ਹਾਂ ਪੁਲਾਂ ਦੀ ਮਦਦ ਲਈ ਜਾ ਰਹੀ ਹੈ।

ਨੇਪਾਲ-ਤਿੱਬਤ ਸਰਹੱਦ ਨੇੜੇ ਭਾਰੀ ਮੀਂਹ, ਪਹਾੜ ਖਿਸਕਣ ਅਤੇ ਢਿੱਗਾਂ ਡਿੱਗਣ ਕਾਰਨ ਭੋਟੇਕੋਸ਼ੀ ਨਦੀ ਵਿੱਚ ਪਾਣੀ ਦਾ ਵਹਾਅ ਬੇਹੱਦ ਤੇਜ਼ ਹੋ ਗਿਆ। ਇਸ ਕਾਰਨ ਉੱਤਰੀ ਅਤੇ ਮੱਧ ਨੇਪਾਲ ਵਿੱਚ ਵੱਡੇ ਪੱਧਰ ’ਤੇ ਤਬਾਹੀ ਹੋਈ। ਕਈ ਮਕਾਨ, ਵਾਹਨ, ਸੜਕਾਂ ਅਤੇ ਪੁਲ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ, ਜਦਕਿ ਕਈ ਪਣ-ਬਿਜਲੀ ਪ੍ਰਾਜੈਕਟ ਵੀ ਪ੍ਰਭਾਵਿਤ ਹੋਏ ਹਨ।

ਨੇਪਾਲ ਦੀ ਆਰਜ਼ੀ ਪੁਲਾਂ ਲਈ ਕੀਤੀ ਅਪੀਲ ’ਤੇ ਭਾਰਤ ਅਤੇ ਚੀਨ ਦੋਵਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ‘ਕਾਠਮੰਡੂ ਪੋਸਟ’ ਦੀ ਰਿਪੋਰਟ ਮੁਤਾਬਕ ਚੀਨ ਵੱਲੋਂ ਮੁਸਤਾਂਗ ਦੇ ਕੋਰਲਾ ਸਰਹੱਦੀ ਚੌਕੀ ’ਤੇ 100-100 ਮੀਟਰ ਲੰਮੇ ਦੋ ਬੇਲੀ ਬਰਿੱਜ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ।

ਨੇਪਾਲ ਦੇ ਸੜਕ ਵਿਭਾਗ ਮੁਤਾਬਕ ਹੜ੍ਹਾਂ ਕਾਰਨ ਸੜਕਾਂ ਅਤੇ ਪੁਲਾਂ ਨੂੰ ਲਗਭਗ 30 ਅਰਬ ਨੇਪਾਲੀ ਰੁਪਏ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਢਾਂਚਿਆਂ ਦੀ ਮੁੜ ਉਸਾਰੀ ’ਤੇ ਕਰੀਬ 50 ਅਰਬ ਨੇਪਾਲੀ ਰੁਪਏ ਖ਼ਰਚ ਹੋਣ ਦਾ ਅੰਦਾਜ਼ਾ ਹੈ।

ਰਿਪੋਰਟ ਅਨੁਸਾਰ ਰਸੁਵਾ ਅਤੇ ਚਿਤਵਨ ਵਿਚਕਾਰ 41 ਪੁਲ ਪੂਰੀ ਤਰ੍ਹਾਂ ਰੁੜ੍ਹ ਗਏ ਹਨ, ਜਦਕਿ ਚਾਰ ਹੋਰ ਪੁਲਾਂ ਨੂੰ ਅੰਸ਼ਿਕ ਨੁਕਸਾਨ ਪੁੱਜਿਆ ਹੈ। ਇਸ ਤੋਂ ਇਲਾਵਾ ਹੜ੍ਹਾਂ ਅਤੇ ਭੂ-ਖਿਸਕਣ ਕਾਰਨ ਕਈ ਮਹੱਤਵਪੂਰਨ ਸੜਕੀ ਮਾਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਆਰਜ਼ੀ ਪੁਲਾਂ ਦੀ ਸਥਾਪਨਾ ਨਾਲ ਇਨ੍ਹਾਂ ਇਲਾਕਿਆਂ ਵਿੱਚ ਆਵਾਜਾਈ ਅਤੇ ਰਾਹਤ ਕਾਰਜਾਂ ਨੂੰ ਮੁੜ ਚਾਲੂ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ।